Time left : XX : XX
Punjabi Typing Paragraph
ਹੱਡ ਬੀਤੀ, ਜਿਸ ਨੇ ਮੈਨੂੰ ਨਾਸਤਿਕ ਬਣਾ ਦਿੱਤਾ। ਕੋਈ ਵੀ ਮਨੁੱਖ ਜਦੋਂ ਪੈਦਾ ਹੁੰਦਾ ਹੈ, ਉਹ ਨਾ ਆਸਤਿਕ ਹੁੰਦਾ ਹੈ ਅਤੇ ਨਾ ਨਾਸਤਿਕ। ਜਿਉਂ-ਜਿਉਂ ਉਹ ਵੱਡਾ ਹੁੰਦਾ ਹੈ, ਉਹ ਆਪਣੇ ਮਾਤਾ -ਪਿਤਾ ਨਾਲ ਉਨ੍ਹਾਂ ਦੀ ਧਾਰਮਿਕ ਸ਼ਰਧਾ ਅਨੁਸਾਰ ਮੰਦਰ, ਗੁਰਦੁਆਰੇ, ਮਸੀਤ, ਚਰਚ ਜਾਂ ਹੋਰ ਧਾਰਮਿਕ ਸਥਾਨਾਂ ‘ਤੇ ਜਾਣ ਸਮੇਂ ਵੱਡਿਆਂ ਦੀ ਦੇਖਾ-ਦੇਖੀ ਮੱਥੇ ਟੇਕਦਾ, ਨਮਾਜ਼ ਪੜ੍ਹਦਾ, ਮੰਦਰਾਂ ਵਿੱਚ ਪੂਜਾ ਕਰਦਾ ਆਸਤਿਕਤਾ ਦੇ ਰਾਹ ਚੱਲਣ ਲੱਗ ਪੈਂਦਾ ਹੈ। ਧਰਮ ਨੂੰ ਮੰਨਣ ਵਾਲੇ ਮਾਤੇ-ਪਿਤਾ ਚਾਹੁੰਦੇ ਹਨ ਕਿ ਉਹਨਾਂ ਦਾ ਪੁੱਤਰ ਜਾਂ ਪੁੱਤਰੀ ਵੀ ਉਸੇ ਧਰਮ ਨੂੰ ਅਪਣਾਏ, ਜਿਸ ਨੂੰ ਉਨ੍ਹਾਂ ਨੇ ਅਪਣਾਇਆ ਹੈ। ਸਦੀਆਂ ਤੋਂ ਅਜਿਹਾ ਹੁੰਦਾ ਆ ਰਿਹਾ ਹੈ। ਆਸਤਿਕ ਲੋਕਾਂ ਦੇ ਵੱਖ-ਵੱਖ ਧਾਰਮਿਕ ਸਥਾਨ ਹਨ, ਜਿੱਥੇ ਉਹ ਸਮੇਂ-ਸਮੇਂ ‘ਤੇ ਇੱਕਠੇ ਹੋ ਕੇ ਆਪਣੀ ਸ਼ਰਧਾ ਦਾ ਵਿਖਾਵਾ ਕਰਦੇ ਹਨ ਅਤੇ ਬੱਚੇ ਉਨ੍ਹਾਂ ਦੇ ਨਾਲ ਹੀ ਜੋ ਕੁਝ ਬਚਪਨ ਤੋਂ ਵੇਖਦੇ ਹਨ, ਉਹੀ ਕੁਝ ਕਰਦੇ ਹਨ। ਪ੍ਰਮਾਤਮਾ ਪ੍ਰਤੀ ਸ਼ਰਧਾ ਉਨ੍ਹਾਂ ਦੇ ਮਨਾਂ ਵਿੱਚ ਕੁੱਟ-ਕੁੱਟ ਕੇ ਭਰ ਦਿੱਤੀ ਜਾਂਦੀ ਹੈ। ਸੱਚ ਇਹ ਵੀ ਹੈ ਕਿ ਹਰੇਕ ਸ਼ਬਦ ਦਾ ਵਿਰੋਧੀ ਸ਼ਬਦ ਵੀ ਹੁੰਦਾ ਹੈ। ਆਸਤਿਕ ਦਾ ਵਿਰੋਧੀ ਸ਼ਬਦ ਹੈ ਨਾਸਤਿਕ। ਕੁਦਰਤੀ ਵਿੱਚ ਕਿਰਿਆ ਅਤੇ ਪ੍ਰਤੀਕਿਰਿਆਂ ਜਾਂ ਜਿਹੋ ਜਿਹਾ ਬੀਜੋਗੇ ਤੇਹਾ ਵੱਢੋਗੇ ਵਾਂਗ ਕੁਦਰਤੀ ਨਿਯਮ ਹਨ। ਆਸਤਿਕ ਲੋਕਾਂ ਦੇ ਮਨਾਂ ਵਿੱਚ ਰੱਬ ਦਾ ਡਰ ਐਨਾ ਭਾਰੂ ਹੁੰਦਾ ਹੈ ਉਹ ਇਸ ਦੇ ਵਿਰੁੱਧ ਬੋਲਣਾ ਤਾਂ ਇੱਕ ਪਾਸੇ, ਸੁਣਨਾ ਵੀ ਪਸੰਦ ਨਹੀਂ ਕਰਦੇ। ਬਹੁਤ ਘੱਟ ਲੋਕ ਹਨ, ਜਿਹੜੇ ਰੱਬ ਨੂੰ ਨਹੀਂ ਮਨੰਦੇ ਤੇ ਉਹਨਾਂ ਵਿੱਚੋਂ ਇੱਕ ਮੈਂ ਵੀ ਹਾਂ। ਮੈਂ ਨਾਸਤਿਕ ਤਾਂ ਹਾਂ, ਪਰ ਕਈ ਵਾਰ ਨਾ ਚਾਹੁੰਦੇ ਹੋਏ ਵੀ ਕੁਝ ਨਾ ਕੁਝ ਕਰਨਾ ਪੈਂਦਾ ਹੈ। ਜਿੱਥੋਂ ਤੱਕ ਮੇਰਾ ਵੱਸ ਚੱਲਦਾ ਹੈ, ਮੈਂ ਕੋਈ ਸਮਝੌਤਾ ਨਹੀਂ ਕਰਦਾਂ। ਮੇਰੀ ਨਾਸਤਿਕ ਬਣਨ ਦੀ ਕਹਾਣੀ ਵੀ ਅਜੀਬ ਹੈ। ਬਚਪਨ ਵਿੱਚ ਮੈਂ ਵੀ ਪਹਿਲਾਂ ਆਸਤਿਕ ਸੀ ਅਤੇ ਛੋਟੇ ਹੁੰਦਿਆਂ ਅਖੰਡ ਪਾਠਾਂ ‘ਤੇ ਪੰਜ ਗਰੰਥੀ ਦੀਆਂ ਰੌਲਾਂ ਲਾਉਂਦਾ ਰਿਹਾ ਹਾਂ ਅਤੇ ਪੀਰਾਂ ਦੀ ਜਗ੍ਹਾ ‘ਤੇ ਚਿਰਾਗ਼ ਜਗਾਉਂਦਾ ਤੇ ਮੱਥੇ ਟੇਕਦਾ ਰਿਹਾ ਹਾਂ। ਬਾਲ ਮਨ ਸੀ ਅਤੇ ਸਮਾਜ ਵਿੱਚ ਰਹਿੰਦਿਆਂ ਵੱਡਿਆਂ ਵੱਲੋਂ ਸਦੀਆਂ ਤੋਂ ਚਲਦੀਆਂ ਆ ਰਹੀਆਂ ਰਹੁ-ਰੀਤਾਂ ਨੂੰ ਮੰਨਦਾ ਸੀ। ਘਰ ਵਿੱਚ ਗ਼ਰੀਬੀ ਸੀ, ਅਨਪੜ੍ਹਤਾ ਸੀ ਅਤੇ ਡਾਕਟਰੀ ਇਲਾਜ ਮਹਿੰਗੇ ਸਨ। ਗ਼ਰੀਬੀ ਇਕੱਲੀ ਨਹੀਂ ਆਉਂਦੀ, ਇਹ ਆਪਣੇ ਨਾਲ ਕਲੇਸ਼, ਦੁੱਖ ਤੇ ਬੀਮਾਰੀਆਂ ਲੈ ਕੇ ਆਉਂਦੀ ਹੈ। ਮੇਰੀ ਵੱਡੀ ਭੈਣ ਬੀਮਾਰ ਹੋ ਗਈ। ਅੰਧ-ਵਿਸ਼ਵਾਸਾਂ ਦੀ ਜਕੜ ‘ਚ ਫਸੇ ਲੋਕਾਂ ਵਾਂਗ ਸਾਡਾ ਪਰਵਾਰ ਵੀ ਸਿਆਣਿਆਂ ਦੇ ਚੱਕਰਂ ‘ਚ ਫਸ ਗਿਆ।