Time left : XX : XX
Punjabi Typing Paragraph
ਇੱਕ ਜੰਗਲ ਵਿੱਚ ਇੱਕ ਕਾਂ ਰਹਿੰਦਾ ਸੀ। ਉਹ ਬਹੁਤ ਖੁਸ਼ ਸੀ। ਉਸ ਦੀਆਂ ਜ਼ਿਆਦਾ ਇਛਾਵਾਂ ਨਹੀਂ ਸਨ। ਉਹ ਆਪਣੀ ਜ਼ਿੰਦਗੀ ਤੋਂ ਸੰਤੁਸ਼ਟ ਸੀ। ਪਰ ਇੱਕ ਵਾਰ ਉਸ ਨੇ ਜੰਗਲ ਵਿੱਚ ਕਿਸੇ ਹੰਸ ਨੂੰ ਦੇਖ ਲਿਆ ਤੇ ਸੋਚਣ ਲੱਗਾ ਕਿ ਇਹ ਪ੍ਰਾਣੀ ਕਿੰਨਾ ਸੋਹਣਾ ਹੈ। ਅਜਿਹਾ ਪ੍ਰਾਣੀ ਤਾਂ ਮੈਂ ਕਦੇ ਨਹੀਂ ਦੇਖਿਆ। ਏਨਾ ਸਾਫ਼ ਤੇ ਚਿੱਟਾ। ਇਹ ਤਾਂ ਜੰਗਲ ਵਿੱਚ ਸਾਰਿਆਂ ਤੋਂ ਸੋਹਣਾ ਹੈ। ਇਸ ਲਈ ਇਹ ਬਹੁਤ ਖੁਸ਼ ਰਹਿੰਦਾ ਹੋਵੇਗਾ। ਕਾਂ ਹੰਸ ਕੋਲ ਗਿਆ ਤੇ ਪੁੱਛਿਆ, ‘ਭਰਾ, ਤੂੰ ਏਨਾ ਸੋਹਣੇ ਏ, ਬੁਹਤ ਖੁਸ਼ ਰਹਿੰਦਾ ਹੋਵੇਗਾ।’ ਹੰਸ ਨੇ ਜਵਾਬ ਦਿੱਤਾ, ‘ਹਾਂ, ਮੈਂ ਉਦੋਂ ਤੱਕ ਬਹੁਤ ਖੁਸ਼ ਰਹਿੰਦਾ ਸੀ, ਜਦੋਂ ਤੱਕ ਤੋਤੇ ਨੂੰ ਨਹੀਂ ਦੇਖਿਆ ਸੀ। ਉਸ ਨੂੰ ਦੇਖਣ ਤੋਂ ਬਾਅਦ ਲੱਗਾ ਕਿ ਤੋਤਾ ਧਰਤੀ ਦਾ ਸਭ ਤੋਂ ਸੋਹਣਾ ਪ੍ਰਾਣੀ ਹੈ। ਸਾਡੇ ਦੋਹਾਂ ਦੇ ਸਰੀਰ ਦਾ ਤਾਂ ਸਿਰਫ ਇੱਕੋ ਰੰਗ ਹੈ, ਪਰ ਤੋਤੇ ਦੇ ਸਰੀਰ ਦੇ ਦੋ(2) ਰੰਗ ਹਨ। ਉਸ ਦੇ ਗਲ਼ ਵਿੱਚ ਲਾਲ ਰੰਗ ਦਾ ਘੇਰਾ ਹੈ ਅਤੇ ਉਹ ਸੁਰਖ ਹਰੇ ਰੰਗ ਦਾ ਹੈ। ਸੱਚੀਂ ਉਹ ਬਹੁਤ ਸੋਹਣਾ ਹੁੰਦਾ ਹੈ।’ ਕਾਂ ਨੇ ਸੋਚਿਆ ਕਿ ਹੰਸ ਤਾਂ ਤੋਤੇ ਨੂੰ ਸਭ-ਤੋਂ-ਸੋਹਣਾ ਦੱਸ ਰਿਹਾ ਹੈ। ਹੁਣ ਤੋਤੇ ਨੂੰ ਦੇਖਣਾ ਪਵੇਗਾ। ਕਾਂ ਫਿਰ ਤੋਤੇ ਕੋਲ ਗਿਆ ਅਤੇ ਪੁੱਛਿਆ, ‘ਭਰਾ ਤੂੰ ਦੋ ਰੰਗਾਂ ਦਾ ਹੋਣ ਕਰਕੇ ਬਹੁਤ ਖੁਸ਼ ਹੋਵੇਂਗਾ।’ ਤੋਤੇ ਨੇ ਕਿਹਾ, ‘ਮੈਂ ਉਦੋਂ ਤੱਕ ਬਹੁਤ ਖੁਸ਼ ਸੀ, ਜਦੋਂ ਤੱਕ ਮੋਰ ਨੂੰ ਨਹੀਂ ਸੀ ਦੇਖਿਆ। ਮੇਰੇ ਕੋਲ ਤਾਂ ਦੋ ਹੀ ਰੰਗ ਹਨ, ਪਰ ਮੋਰ ਦੇ ਸਰੀਰ ‘ਤੇ ਕਈ ਤਰ੍ਹਾਂ ਦੇ ਰੰਗ ਹੁੰਦੇ ਹਨ।’ ਹੁਣ ਕਾਂ ਨੇ ਸੋਚਿਆ ਕਿ ਸਭ ਤੋਂ ਜ਼ਿਆਦਾ ਖੁਸ਼ ਕੌਣ ਹੋਇਆ, ਇਹ ਮੈਂ ਪਤਾ ਕਰਕੇ ਹੀ ਹਟਾਂਗਾ। ਹੁਣ ਮੋਰ ਨੂੰ ਮਿਲਣਾ ਪਵੇਗਾ। ਕਾਂ ਨੇ ਮੋਰ ਨੂੰ ਲੱਭਣ ਲਈ ਸਾਰਾ ਜੰਗਲ ਦੇਖਿਆ, ਪਰ ਪੂਰੇ ਜੰਗਲ ਵਿੱਚ ਇੱਕ ਵੀ ਮੋਰ ਨਾ ਮਲਿਆ। ਮੋਰ ਨੂੰ ਲੱਭਦਿਆਂ-ਲੱਭਦਿਆਂ ਉਹ ਚਿੜੀਆਘਰ ਪਹੁੰਚ ਗਿਆ। ਉਥੇ ਮੋਰ ਨੂੰ ਦੇਖਣ ਬਹੁਤ ਸਾਰੇ ਲੋਕ ਆਏ ਹੋਏ ਸਨ ਅਤੇ ਉਸ ਕੋਲ ਕਾਫੀ ਭੀੜ ਸੀ। ਲੋਕਾਂ ਦੇ ਜਾਣ ਮਗਰੋਂ ਕਾਂ ਨੇ ਮੋਰ ਨੂੰ ਪੁੱਛਿਆ, ‘ਤੂੰ ਦੁਨੀਆ ਦਾ ਸਭ ਤੋਂ ਸੋਹਣਾ ਜੀਵ ਹੈਂ। ਕਿੰਨਾ ਰੰਗ-ਬਰੰਗਾ ਹੈਂ। ਸਾਰੇ ਤੇਰੇ ਨਾਲ ਫੋਟੇ ਖਿਚਵਾ ਰਹੇ ਸਨ। ਤੈਨੂੰ ਤਾਂ ਬਹੁਤ ਚੰਗਾ ਲੱਗਦਾ ਹੋਣਾ।’ ਮੋਰ ਨੇ ਦੁਖੀ ਹੁੰਦਿਆ ਕਿਹਾ, ‘ਭਰਾਵਾ, ਜੇ ਮੈਂ ਸੋਹਣਾ ਹਾਂ ਤਾਂ ਕੀ ਫ਼ਰਕ ਪੈਂਦਾ। ਲੋਕ ਮੈਨੂੰ ਇਸ ਚਿੜੀਅਘਰ ਵਿੱਚ ਕੈਦ ਕਰਕੇ ਰੱਖਦੇ ਹਨ, ਪਰ ਤੈਨੂੰ ਤਾਂ ਕੋਈ ਕੈਦ ਨਹੀਂ ਕਰਦਾ। ਤੂੰ ਜਿੱਥੇ ਚਾਹੇਂ, ਮਰਜ਼ੀ ਨਾਲ ਘੁੰਮ ਫਿਰ ਸਕਦਾਂ। ਇਸ ਲਈ ਦੁਨੀਆਂ ਦਾ ਸਭ ਤੋਂ ਸੰਤੁਸ਼ਟ ਤੇ ਖੁਸ਼ ਜੀਵ ਤਾਂ ਤੈਨੂੰ ਹੋਣਾ ਚਾਹੀਦਾ, ਕਿਉਂਕਿ ਤੂੰ ਅਜ਼ਾਦ ਹੈਂ। ਕਾਂ ਹੈਰਾਨ ਰਹਿ ਗਿਆ, ਕਿਉਂਕਿ ਉਸ ਨੂੰ ਜੀਵਨ ਦੀ ਅਹਿਮੀਅਤ ਦਾ ਪਤਾ ਲੱਗ ਗਿਆ ਸੀ। ਸੋ ਅਸੀਂ ਸਾਰੇ ਵੀ ਕਾਂ ਵਰਗੇ ਹੀ ਹਾਂ। ਆਪਣੀਆਂ ਖੁਸ਼ੀਆਂ ਅਤੇ ਗੁਣਾਂ ਦੀ ਤੁਲਨਾ ਦੂਜਿਆਂ ਨਾਲ ਕਰਦੇ ਹਾਂ। ਅਜਿਹੇ ਲੋਕਾਂ ਨਾਲ ਕਰਦੇ ਹਾਂ, ਜਿਨ੍ਹਾਂ ਦੇ ਰਹਿਣ-ਸਹਿਣ ਦਾ ਮਾਹੌਲ ਸਾਡੇ ਨਾਲੋਂ ਬਿਲਕੁਲ ਵੱਖਰਾ ਹੁੰਦਾ ਹੈ। ਸਾਡੀ ਜ਼ਿੰਦਗੀ ਵਿੱਚ ਬਹੁਤ ਸਾਰੀਆਂ ਅਜਿਹੀਆਂ ਚੀਜ਼ਾਂ ਹੁੰਦੀਆਂ ਹਨ, ਜਿਹੜੀਆਂ ਸਿਰਫ਼ ਸਾਡੇ ਕੋਲ ਹਨ, ਪਰ ਅਸੀਂ ਉਨ੍ਹਾਂ ਦੀ ਅਹਿਮੀਅਤ ਸਮਝ ਕੇ ਖੁਸ਼ ਨਹੀਂ ਹੁੰਦੇ। ਦੂਜਿਆਂ ਦੀ ਛੋਟੀ ਜਿਹੀ ਖੁਸ਼ੀ ਵੀ ਸਾਨੂੰ ਬਹੁਤ ਵੱਡੀ ਲੱਗਦੀ ਹੈ। ਜਦਕਿ ਅਸੀਂ ਆਪਣੀਆਂ ਵੱਡੀਆਂ ਖੁਸ਼ੀਆਂ ਨੂੰ ਵੀ ਦਰਕਿਨਾਰ ਕਰਦੇ ਹਾਂ।