Time left : XX : XX
Punjabi Typing Paragraph
ਸਿੱਖ ਇਤਿਹਾਸ ਦੀਆਂ ਕੁੱਝ ਹੋਰ ਘੱਟਨਾਂਵਾਂ - ਪੰਜਾ ਸਾਹਿਬ ਦਾ ਸਾਕਾ: ਜਦੋਂ ਗੁਰੂ ਕਾ ਬਾਗ ਦਾ ਮੋਰਚਾ ਲੱਗਾ ਹੋਇਆ ਸੀ ਤਾਂ ਇਸ ਵਿੱਚ ਹਿੱਸਾ ਲੈਣ ਵਾਲੇ ਇਕ ਜਥੇ ਨੂੰ ਰੇਲ ਗੱਡੀ ਦੁਆਰਾ ਅਟਕ ਜੇਲ੍ਹ ਵਿੱਚ ਭੇਜਣ ਲਈ ਲਿਜਾਇਆ ਜਾ ਰਿਹਾ ਸੀ। ਪੰਜਾ ਸਾਹਿਬ ਦੇ ਅਕਾਲੀਆਂ ਨੇ ਇਸ ਜੱਥੇ ਦੇ ਅਕਾਲੀਆਂ ਨੂੰ ਲੰਗਰ ਛਕਾਉਣ ਲਈ ਰੇਲ ਗੱਡੀ ਰੋਕਣ ਲਈ ਕਿਹਾ। ਪ੍ਰੰਤੂ ਸਰਕਾਰ ਨੇ ਅਜਿਹਾ ਕਰਨ ਤੋਂ ਨਾਂਹ ਕਰ ਦਿੱਤੀ ਤਾਂ ਫਿਰ ਭਾਈ ਪ੍ਰਤਾਪ ਸਿੰਘ ਅਤੇ ਭਾਈ ਕਰਮ ਸਿੰਘ ਗੱਡੀ ਅੱਗੇ ਲੇਟ ਗਏ ਅਤੇ ਸ਼ਹੀਦ ਹੋ ਗਏ। ਚਾਬੀਆਂ ਦਾ ਮੋਰਚਾ: ਅੰਗਰੇਜ਼ੀ ਸਰਕਾਰ ਕੋਲ ਸ਼੍ਰੀ ਹਰਿਮੰਦਰ ਸਾਹਿਬ (ਅੰਮ੍ਰਿਤਸਰ) ਦੇ ਖਜ਼ਾਨੇ ਦੀਆਂ ਚਾਬੀਆਂ ਸਨ। 21 ਨਵੰਬਰ 1921 ਈ. ਨੂੰ ਅਕਾਲੀਆਂ ਨੇ ਸਰਕਾਰ ਤੋਂ ਖਜ਼ਾਨੇ ਦੀਆਂ ਚਾਬੀਆਂ ਮੰਗੀਆਂ, ਪਰੰਤੂ ਸਰਕਾਰ ਨੇ ਨਾਂਹ ਕਰ ਦਿੱਤੀ। ਇਸ ਕਰਕੇ ਅਕਾਲੀਆਂ ਨੇ ਸਰਕਾਰ ਦਾ ਵਿਰੋਧ ਕੀਤਾ ਜਿਸ ਕਾਰਨ ਸਰਕਾਰ ਨੇ ਕਈ ਅਕਾਲੀਆਂ ਨੂੰ ਕੈਦ ਕਰ ਲਿਆ। ਪਰੰਤੂ ਅਕਾਲੀ ਹੋਰ ਜੱਥੇ ਭੇਜਦੇ ਰਹੇ। ਸਰਕਾਰ ਨੇ ਅਕਾਲੀਆਂ ਉੱਤੇ ਲਾਠੀਚਾਰਜ ਦਾ ਹੁਕਮ ਦਿੱਤਾ। ਪਰੰਤੂ ਅਕਾਲੀਆਂ ਨੇ ਹਿੰਮਤ ਨਾ ਹਾਰੀ। ਅੰਤ ਸਰਕਾਰ ਨੇ 17 ਫਰਵਰੀ 1922 ਈ. ਨੂੰ ਅਕਾਲੀਆਂ ਨੂੰ ਚਾਬੀਆਂ ਸੌਂਪ ਦਿੱਤੀਆਂ। ਭਾਈ ਫੇਰੂ ਦਾ ਮੋਰਚਾ: ਅਕਾਲੀਆਂ ਨੇ ਬਾਕੀ ਮੋਰਚਿਆਂ ਵਾਂਗ ਲਾਹੌਰ ਦੇ ਭਾਈ ਫੇਰੂ ਗੁਰਦੁਆਰੇ ਦੇ ਨਾਲ-ਨਾਲ 5000 ਏਕੜ ਜ਼ਮੀਨ ਲਈ 1921 ਵਿੱਚ ਭਾਈ ਫੇਰੂ ਦਾ ਮੋਰਚਾ ਲਗਾਇਆ। ਇਸ ਗੁਰਦੁਆਰੇ ‘ਤੇ ਮਹੰਤ ਨਰੈਣ ਦਾਸ ਦੇ ਭਰਾ ਮਹੰਤ ਪਾਲਾ ਰਾਮ ਅਤੇ ਕੁਝ ਹੋਰ ਮਹੰਤਾਂ ਦਾ ਅਧਿਕਾਰ ਸੀ। 1922 ਦੇ ਆਖੀਰ ਵਿੱਚ ਅਕਾਲੀਆਂ ਨੇ ਇਸ ਗੁਰਦੁਆਰੇ ਦਾ ਪ੍ਰਬੰਧ ਆਪਣੇ ਹੱਥਾਂ ਵਿੱਚ ਲੈ ਮੰਹਤ ਪਾਲਾ ਰਾਮ ਦੀ ਤਨਖਾਹ ਨਿਸ਼ਚਿਤ ਕੀਤੀ ਗਈ। 1924 ਵਿੱਚ ਅਕਾਲੀ ਜੱਥਿਆਂ ਨੇ ਪਾਲਾ ਰਾਮ ਦੀ ਜ਼ਮੀਨ, ਝੁੱਗੀਆਂ ਅਤੇ ਖੂਹ ਉੱਤੇ ਜਬਰਦਸਤੀ ਅਧਿਕਾਰ ਕਰ ਲਿਆ। ਸਰਕਾਰ ਦੇ ਆਦੇਸ਼ ਤੇ ਪੁਲਿਸ ਨੇ 5000 ਤੋਂ ਵੱਧ ਅਕਾਲੀਆਂ ਨੂੰ ਗ੍ਰਿਫਤਾਰ ਕਰ ਲਿਆ। ਅਕਾਲੀਆਂ ਨੇ ਭਾਈ ਫੇਰੂ ਦਾ ਮੋਰਚਾ ਜਾਰੀ ਰੱਖਿਆ। ਜੈਤੋ ਦਾ ਮੋਰਚਾ: 1923 ਈ. ਵਿੱਚ ਨਾਭੇ ਦੇ ਮਹਾਰਾਜੇ ਸਰਦਾਰ ਰਿਪੁਦਮਨ ਸਿੰਘ ਨੂੰ ਅਕਾਲੀਆਂ ਦੀ ਸਹਾਇਤਾ ਕਰਨ ਦੇ ਜ਼ੁਰਮ ਕਾਰਣ ਗੱਦੀ ਉੱਤੋਂ ਉਤਾਰ ਦਿੱਤਾ। ਅਕਾਲੀਆਂ ਨੇ 21 ਫਰਵਰੀ 1924 ਈ. ਨੂੰ ਸਰਕਾਰ ਦੇ ਵਿਰੁੱਧ 500 ਅਕਾਲੀਆਂ ਦਾ ਜੱਥਾ ਭੇਜਿਆ। ਪੁਲਿਸ ਨੇ ਜੱਥੇ ‘ਤੇ ਗੋਲੀ ਚਲਾਈ। ਇਸ ਕਰਕੇ 100 ਤੋਂ ਵੱਧ ਅਕਾਲੀਆਂ ਦੀ ਮੌਤ ਹੋ ਗਈ ਅਤੇ 200 ਅਕਾਲੀ ਜ਼ਖਮੀ ਹੋ ਗਏ। ਅੰਤ 1925 ਈ. ਵਿੱਚ ਸਰਕਾਰ ਨੇ ਜੈਤੋ ਦਾ ਗੁਰਦੁਆਰਾ ਅਕਾਲੀਆਂ ਦੇ ਹਵਾਲੇ ਕਰ ਦਿੱਤਾ। ਬੱਬਰ ਅਕਾਲੀ ਅੰਦੋਲਨ: ਕੁੱਝ ਅਕਾਲੀ ਸਿੱਖ ਨੇਤਾ ਗੁਰਦੁਆਰਾ ਸੁਧਾਰ ਅੰਦੋਲਨ ਨੂੰ ਹਿੰਸਾਤਮਕ ਢੰਗ ਨਾਲ ਚਲਾਉਣਾ ਚਾਹੁੰਦੇ ਸਨ। ਉਨ੍ਹਾਂ ਨੂੰ ਬੱਬਰ ਅਕਾਲੀ ਕਿਹਾ ਜਾਂਦਾ ਹੈ। ਉਨ੍ਹਾਂ ਦੇ ਨੇਤਾ ਕਿਸ਼ਨ ਸਿੰਘ ਨੇ ਚੱਕਰਵਰਤੀ ਜੱਥਾ ਸਥਾਪਿਤ ਕਰਕੇ ਹੁਸ਼ਿਆਰਪੁਰ ਅਤੇ ਜਲੰਧਰ ਵਿੱਚ ਅੰਗਰੇਜਾਂ ਦੇ ਦਮਨ ਦੇ ਵਿਰੁੱਧ ਆਵਾਜ਼ ਉਠਾਈ। 26 ਫ਼ਰਵਰੀ, 1923 ਨੂੰ ਉਨ੍ਹਾਂ ਨੂੰ 186 ਸਾਥੀਆਂ ਸਮੇਤ ਬੰਦੀ ਬਣਾ ਲਿਆ ਗਿਆ। ਇਨ੍ਹਾਂ ਵਿੱਚੋਂ 5 ਨੂੰ ਫ਼ਾਂਸੀ ਦਿੱਤੀ ਗਈ। ਸਿੱਖ ਗੁਰਦੁਆਰਾ ਐਕਟ: 1925 ਈ. ਵਿੱਚ ਪੰਜਾਬ ਸਰਕਾਰ ਨੇ ਸਿੱਖ ਗੁਰਦੁਆਰਾ ਐਕਟ ਪਾਸ ਕਰ ਦਿੱਤਾ। ਇਸ ਦੇ ਅਨੁਸਾਰ ਗੁਰਦੁਆਰਿਆਂ ਦਾ ਪ੍ਰਬੰਧ ਤੇ ਉਨ੍ਹਾਂ ਦੀ ਦੇਖਭਾਲ ਸਿੱਖਾਂ ਦੇ ਹੱਥ ਆ ਗਈ। ਸਰਕਾਰ ਨੇ ਹੌਲੀ-ਹੌਲੀ ਸਾਰੇ ਕੈਦ ਕੀਤੇ ਸਿੱਖਾਂ ਨੂੰ ਛੱਡ ਦਿੱਤਾ। ਇਸ ਤਰ੍ਹਾਂ ਅਕਾਲੀ ਲਹਿਰ ਦੀ ਅਗਵਾਈ ਵਿੱਚ ਸਿੱਖਾਂ ਨੇ ਬਹੁਤ ਮਹਾਨ ਕੁਰਬਾਨੀਆਂ ਦਿੱਤੀਆਂ। ਇਕ ਪਾਸੇ ਤਾਂ ਉਨ੍ਹਾਂ ਨੇ ਗੁਰਦੁਆਰਿਆਂ ਵਰਗੇ ਪਵਿੱਤਰ ਅਸਥਾਨਾਂ ਵਿੱਚੋਂ ਅੰਗਰੇਜ਼ਾਂ ਦੇ ਪਿੱਠੂ ਮਹੰਤਾਂ ਨੂੰ ਬਾਹਰ ਕੱਢਿਆ ਤੇ ਦੂਜੇ ਪਾਸੇ ਸਰਕਾਰ ਦੇ ਵਿਰੁੱਧ ਇਕ ਅਜਿਹੀ ਅੱਗ ਭੜਕਾਈ ਜੋ ਸੁਤੰਤਰਤਾਂ ਪ੍ਰਾਪਤੀ ਤੱਕ ਚਲਦੀ ਰਹੀ।