Time left : XX : XX
Punjabi Typing Paragraph
ਪਿਛਲੇ ਕੁਝ ਦਿਨਾਂ ਤੋਂ ਪੰਜਾਬ ਸਰਕਾਰ ਤੇ ਇਸ ਦੀ ਅਫਸਰਸ਼ਾਹੀ ਨੇ ਅਖਬਾਰਾਂ ਰਾਹੀਂ ਕਿਸਾਨਾਂ ਨੂੰ ਧਮਕੀਆਂ ਅਤੇ ਡਰਾਵਿਆਂ ਦੀ ਝੜੀ ਲਾਈ ਹੋਈ ਹੈ ਅਤੇ ਖੇਤਾਂ ਵਿੱਚ ਕਿਸਾਨਾਂ ਨੂੰ ਤੰਗ ਕੀਤਾ ਜਾ ਰਿਹਾ ਹੈ। ਮੁੱਦਾ ਇਹ ਹੈ ਕਿ ਪਹਿਲਾਂ ਸਰਕਾਰ ਕਹਿੰਦੀ ਸੀ ਕਿ ਦਸ ਜੂਨ ਤੋਂ ਮਗਰੋਂ ਝੋਨਾ ਲਗਾਇਆ ਜਾਵੇ। ਕਿਸਾਨਾਂ ਨੇ ਇਹ ਸੋਚ ਕੇ ਕਿ ਇਸ ਨਾਲ ਪਾਣੀ ਦੀ ਬੱਚਤ ਹੋਵੇਗੀ, ਅਮਲ ਵਿੱਚ, ਇਹ ਹਦਾਇਤ ਪ੍ਰਵਾਨ ਕਰ ਲਈ ਸੀ। ਇਸ ਵਾਰ ਸਰਕਾਰ ਅਤੇ ਪ੍ਰਸ਼ਾਸਨ ਨੇ ਹੁਕਮ ਚਾੜ੍ਹ ਦਿੱਤਾ ਕਿ 20 ਜੂਨ ਤੋਂ ਪਹਿਲਾਂ ਝੋਨਾ ਨਾ ਲਗਾਇਆ ਜਾਵੇ। ਇਸ ਦੇ ਹੱਕ ਵਿੱਚ ਕੋਈ ਭਰੋਸੇ ਯੋਗ ਦਲੀਲ ਵੀ ਨਹੀਂ ਦਿੱਤੀ ਜਾ ਰਹੀ। ਕਿਸਾਨਾਂ ਵਿੱਚ ਤਜਰਬੇ ਵਿੱਚੋਂ ਕੁਝ ਤੌਖਲੇ ਪੈਦਾ ਹੋਏ ਹਨ, ਉਹਨਾਂ ਨੂੰ ਦੂਰ ਕਰਨ ਲਈ ਕੋਈ ਜਤਨ ਨਹੀਂ ਕੀਤਾ ਜਾ ਰਿਹਾ ਅਤੇ ਸਰਕਾਰ ਅਤੇ ਪ੍ਰਸ਼ਾਸਨ ਖੇਤਾਂ ਵਿੱਚ ਟਕਰਾਅ ਵਾਲੀ ਹਾਲਤ ਬਣਾ ਰਿਹਾ ਹੈ। ਇਹ ਵੀ ਨਹੀਂ ਦੱਸਿਆ ਜਾ ਰਿਹਾ ਕਿ ਇਸ ਸੰਬੰਧੀ ਕਿਹੜਾ ਕਨੂੰਨ ਪਾਸ ਕੀਤਾ ਹੈ, ਜਿਸ ਦੇ ਤਹਿਤ ਉਹ ਇਹ ਧੱਕੜਸ਼ਾਹੀ ਫਰਮਾਨ ਲਾਗੂ ਕਰ ਕੇ ਝੋਨੇ ਦੀ ਲੁਆਈ ਸਮੇਂ ਝਗੜੇ ਖੜੇ ਕਰ ਰਹੇ ਹਨ ਅਤੇ ਕਿਸਾਨਾਂ ਨੂੰ ਸਮਝਾਉਣ, ਦਲੀਲ ਨਾਲ ਕਾਇਲ ਕਰਨ ਦਾ ਜਤਨ ਨਹੀਂ ਕਰ ਰਹੇ। ਝੋਨੇ ਨੇ ਪੱਕਣ ਲਈ ਆਪਣਾ ਸਮਾਂ ਲੈਣਾ ਹੀ ਹੈ। ਇਸ ਸਮੇਂ ਨੂੰ ਘੱਟ ਕਰਨ ਲਈ ਕੋਈ ਜਤਨ/ਖੋਜ ਸਰਕਾਰ ਨੇ ਨਹੀਂ ਕੀਤੀ। ਜੇ ਲੁਆਈ ਦਸ ਦਿਨ ਪਿੱਛੇ ਪਾਉਣੀ ਹੈ ਤਾਂ ਫਸਲ ਪੱਕੇਗੀ ਵੀ ਲੇਟ ਅਤੇ ਇਹ ਸਮੱਸਿਆਵਾਂ ਕੁਦਰਤੀ ਤੌਰ ਉੱਤੇ ਵਧਣਗੀਆਂ। ਝੋਨਾ ਠੰਢ ਦੇ ਦਿਨਾਂ ਵਿੱਚ ਪੱਕੇਗਾ ਤਾਂ ਉਸ ਵਿੱਚ ਸਿੱਲ੍ਹ ਵਧੇਰੇ ਰਹੇਗੀ ਜਾਂ ਫੇਰ ਸੁਕਾਉਣ ਲਈ ਵਾਧੂ ਦਿਨ ਖੇਤਾਂ ਵਿੱਚ ਰੱਖਣਾ ਪਵੇਗਾ। ਇਸ ਤੋਂ ਛੁੱਟ ਕੋਈ ਰਾਹ ਨਹੀਂ ਜਾਂ ਸਰਕਾਰ ਐਲਾਨ ਕਰੇ ਕਿ ਵਾਧੂ ਸਿੱਲ੍ਹ ਮਨਜ਼ੂਰ ਕੀਤੀ ਜਾਵੇਗੀ। ਵਾਧੂ ਸਿੱਲ੍ਹ ਤੋਂ ਇਲਾਵਾ ਇਹ ਸਮੱਸਿਆ ਵੀ ਗੰਭੀਰ ਹੈ ਕਿ ਪਰਾਲੀ ਕੱਢਣ, ਕਣਕ ਦੀ ਬਿਜਾਈ ਕਰਨ ਲਈ ਬਹੁਤ ਥੋੜ੍ਹੇ ਦਿਨ ਬਚਦੇ ਹਨ। ਸਰਕਾਰ ਕਿਸੇ ਵੀ ਸਮੱਸਿਆ ਨੂੰ ਹੱਲ ਕਰਨ ਨੂੰ ਤਿਆਰ ਨਹੀਂ। ਹਰਿਆਣਾ ਸਰਕਾਰ ਨੇ ਮੰਨਿਆ ਹੈ ਕਿ ਝੋਨੇ ਦੇ ਬੱਝੇ ਘੱਟੋ-ਘੱਟ ਸਹਾਇਕ ਭਾਅ ਲਾਗਤ ਖਰਚੇ ਤੋਂ ਪੰਜ ਸੌ ਰੁਪਏ ਕੁਇੰਟਲ ਘੱਟ ਹਨ, ਲਾਗਤਾਂ ਖਰਚੇ ਤੋਂ ਡਿਉਢੀਆਂ ਹੋਣਾ ਤਾਂ ਦੂਰ ਦੀ ਗੱਲ ਹੈ। ਸਿੱਲ੍ਹ ਦੇ ਨਾਂਅ ਉੱਤੇ ਭਾਰੀ ਕਾਟ ਨਾਲ ਇਹ ਭਾਅ ਹੋਰ ਵੀ ਵੱਧ ਆਟੇਵੰਦੇ ਹੋ ਜਾਂਦੇ ਹਨ। ਕਣਕ ਦੀ ਬਿਜਾਈ ਸਮੇਂ ਸਿਰ ਨਾ ਹੋਵੇ ਤਾਂ ਉਸ ਦਾ ਝਾੜ ਹੀ ਘਟ ਜਾਂਦਾ ਹੈ ਅਤੇ ਕਿਸਾਨ ਦੀ ਮੁੱਖ ਫਸਲ ਹੋਰ ਵੀ ਘਾਟੇਵੰਦੀ ਹੋ ਜਾਂਦੀ ਹੈ। ਝੋਨਾ ਸਮੇਂ ਸਿਰ ਨਾ ਪੱਕਣ ਨਾਲ ਕਿਸਾਨ ਦੀ ਇਹ ਮਜਬੂਰੀ ਹੋ ਜਾਂਦੀ ਹੈ ਕਿ ਉਹ ਜ਼ਮੀਨ ਹਾੜ੍ਹੀ ਲਈ ਖਾਲੀ ਤੇ ਤਿਆਰ ਕਰਨ ਲਈ ਪਰਾਲੀ ਫੂਕੇ। ਇਸ ਸਮੱਸਿਆ ਨੂੰ ਹੱਲ ਕਰਨ ਵਿੱਚ ਫੇਰ ਸਰਕਾਰ ਦਾ ਕੋਈ ਯੋਗਦਾਨ ਨਹੀਂ, ਸਿਵਾਏ ਜਬਰ ਅਤੇ ਤਸ਼ੱਦਦ ਦੇ ਅਤੇ ਗ੍ਰਿਫਤਾਰੀਆਂ-ਮੁਕੱਦਮਿਆਂ ਦਾ ਚੱਕਰ ਚਲਾਉਣ ਦੇ। 20 ਜੂਨ ਵੀ ਬਹੁਤਾ ਦੂਰ ਨਹੀਂ। ਇਸ ਲਈ ਸਰਕਾਰ ਧਮਕੀਆਂ ਅਤੇ ਜਬਰ ਦੀਆਂ ਕਾਰਵਾਈਆਂ, ਖੇਤਾਂ ਵਿੱਚ ਟਕਰਾਅ ਫੌਰਨ ਬੰਦ ਕਰੇ। ਦੂਜਾ, ਜੇ ਝੋਨੇ ਦੀ ਲੁਆਈ ਹੋਰ ਪਿੱਛੇ ਪਾਉਣੀ ਜ਼ਰੂਰੀ ਹੈ ਤਾਂ ਖੋਜ ਨਾਲ ਇਸ ਦੇ ਪੱਕਣ ਦਾ ਸਮਾਂ ਘਟਾਉਣ ਦੇ ਜਤਨ ਕਰੇ। ਤੀਜਾ, ਝੋਨਾ ਪੱਕਣ ਤੇ ਚੁੱਕਣ ਮਗਰੋਂ ਪਰਾਲੀ ਦੀ ਸੰਭਾਲ ਦੇ ਪੱਕੇ-ਕਾਰਗਰ ਪ੍ਰਬੰਧ ਅੱਜ ਤੋਂ ਕਰੇ। ਇਸ ਦਾ ਇੱਕੋ ਰਾਹ ਪਰਾਲੀ, ਖਾਦ ਭਰਪੂਰ, ਮਿੱਟੀ ਹੀ ਹੈ। ਇਸ ਦੀ ਸਭ ਤੋਂ ਵਧੀਆਂ ਸੰਭਾਲ ਇਹੋ ਹੈ ਕਿ ਇਸ ਨੂੰ ਖੇਤਾਂ ਵਿੱਚ ਹੀ ਮਿਲਾਇਆ ਜਾਵੇ। ਇਸ ਕੰਮ ਲਈ ਪੇਂਡੂ ਕੋਆਪਰੇਟਿਵ ਸੁਸਾਇਟੀਆਂ ਨੂੰ ਖੇਤੀ/ਕਿਸਾਨ ਸੇਵਾ ਕੇਂਦਰਾਂ ਵਜੋਂ ਵਿਕਸਤ ਕੀਤਾ ਜਾਵੇ; ਲੋੜੀਂਦੀ ਮਸ਼ੀਨਰੀ, ਪੂਰੀ ਮਾਤਰਾ ਵਿੱਚ, ਮੁਫਤ ਦਿੱਤੀ ਜਾਵੇ; ਜਿਹੜੀ ਨਾ ਮੁਨਾਫਾ-ਨਾ ਘਾਟਾ ਦੇ ਆਧਾਰ ਉੱਤੇ ਕਿਰਾਏ ਉੱਤੇ ਕਿਸਾਨਾਂ ਨੂੰ ਦਿੱਤੀ ਜਾਵੇ ਤੇ ਕਿਰਾਏ ਦੀ ਉਗਰਾਹੀ ਹਾੜ੍ਹੀ ਦੀ ਫਸਲ ਨਾਲ ਕੀਤੀ ਜਾਵੇ। ਆਮ ਤੌਰ ਉੱਤੇ ਕਿਸਾਨ ਆਪਣੇ ਤਜਰਬੇ ਤੋਂ ਹਾਰਵੇ ਸਟਰ ਨਾਲ ਲੱਗਦੀ ਮਸ਼ੀਨ ਤੇ ਹੈਪੀ ਸੀਡਰ ਦੀ ਜੋੜੀ ਨੂੰ ਹੀ ਤਰਜੀਹ ਦਿੰਦੇ ਹਨ। ਇਸ ਨਾਲ ਕਿਸਾਨ ਦੇ ਹਾੜ੍ਹੀ ਬੀਜਣ ਦੇ ਖਰਚੇ ਵੀ ਘੱਟ ਕੀਤੇ ਜਾ ਸਕਦੇ ਹਨ। ਇਸ ਲਈ ਸਬਸਿਡੀ ਵੀ ਦਿੱਤੀ ਜਾਵੇ।