MSN - Typing
Time left : XX : XX
Punjabi Typing Paragraph
ਉਹ ਆਪਣੇ ਚਾਹੁਣ ਵਾਲਿਆਂ ਦਾ ਸੱਦਾ ਪੱਤਰ ਖਿੜੇ ਮੱਥੇ ਸਵੀਕਾਰ ਕਰਦੇ। ਆਖ਼ਰੀ ਸਾਹ ਲੈਣ ਤੋਂ ਕੁਝ ਘੰਟੇ ਪਹਿਲਾਂ ਉਨ੍ਹਾਂ ਨੇ ਬਰਨਾਲਾ ਤੇ ਜਗਰਾਓਂ ਦੋ ਸਮਾਗਮਾਂ ਵਿਚ ਹਿੱਸਾ ਲਿਆ। ਬਰਨਾਲੇ ਉਨ੍ਹਾਂ ਨੇ ਆਪਣੀ ਆਖ਼ਰੀ ਇੰਟਰਵਿਊ ਰਿਕਾਰਡ ਕਰਵਾਈ। ਕਈ ਸਾਲ ਪਹਿਲਾਂ ਵੀ ਪਾਤਰ ਨੂੰ ਦਿਲ ਦਾ ਦੌਰਾ ਪਿਆ ਸੀ। ਇਸ ਦੇ ਬਾਵਜੂਦ ਉਨ੍ਹਾਂ ਨੂੰ ਹੱਥੀਂ ਛਾਵਾਂ ਕਰਨ ਵਾਲੇ ਆਰਾਮ ਨਾ ਕਰਨ ਦਿੰਦੇ। ਪਾਸ਼ ਦੇ ਲਗਪਗ ਅੱਧੀ ਸਦੀ ਪਹਿਲਾਂ ਦਿੱਤੇ ਮਸ਼ਵਰੇ ਦੀ ਪਾਤਰ ਨੇ ਕਦੇ ਪਰਵਾਹ ਨਾ ਕੀਤੀ। ਫਿਰ ਵੀ ਇਸ ਗੱਲ ਦਾ ਸਕੂਨ ਹੈ ਕਿ ਉਹ ਪਾਸ਼ ਤੇ ਸ਼ਿਵ ਨਾਲੋਂ ਦੁੱਗਣੀ ਤੋਂ ਵੀ ਵੱਧ ਉਮਰ ਭੋਗ ਕੇ ਰੱਬ ਨੂੰ ਪਿਆਰਾ ਹੋਇਆ ਹੈ। ਲੰਮੀ ਉਮਰ ਦੀ ਬਦੌਲਤ ਉਸ ਨੇ ਪੰਜਾਬ ਦੇ ਕਈ ਦੌਰ ਦੇਖੇ। ਕਾਲੇ ਦੌਰ ਦੌਰਾਨ ਚੰਗਿਆੜਿਆਂ ਦੀਆਂ ਲੈਆਂ ਸਿਰਜਣ ਵਾਲੇ ਪਾਸ਼ ਨੂੰ ਅੱਤਵਾਦੀਆਂ ਨੇ ਗੋਲ਼ੀਆਂ ਦਾ ਸ਼ਿਕਾਰ ਬਣਾਇਆ ਤਾਂ ਪਾਤਰ ਨੇ ਰੂਹ ਨੂੰ ਝੰਜੋੜਨ ਵਾਲੀ ਨਜ਼ਮ ਕਹਿ ਕੇ ਸ਼ਰਧਾਂਜਲੀ ਦਿੱਤੀ ਸੀ, ‘ਇਕ ਲਰਜ਼ਦਾ ਨੀਰ ਸੀ, ਉਹ ਮਰ ਕੇ ਪੱਥਰ ਹੋ ਗਿਆ/ਦੂਸਰਾ ਇਸ ਹਾਦਸੇ ਤੋਂ ਡਰ ਕੇ ਪੱਥਰ ਹੋ ਗਿਆ। ਤੀਸਰਾ ਇਸ ਹਾਦਸੇ ਨੂੰ ਕਰਨ ਲੱਗਿਆ ਸੀ ਬਿਆਨ, ਉਹ ਕਿਸੇ ਪੱਥਰ ਦੇ ਘੂਰਨ ਕਰਕੇ ਪੱਥਰ ਹੋ ਗਿਆ। ਇਕ ਸ਼ਾਇਰ ਬਚ ਗਿਆ ਸੀ, ਸੰਵੇਦਨਾ ਸੰਗ ਲਰਜ਼ਦਾ/ਏਨੇ ਪੱਥਰ! ਉਹ ਗਿਣਤੀ ਕਰ ਕੇ ਪੱਥਰ ਹੋ ਗਿਆ।’ ਪਾਤਰ ਦੀ ਕਾਵਿ-ਸ਼ੈਲੀ ਦਾ ਕਾਇਲ ਹੋਣ ਦੇ ਬਾਵਜੂਦ ਪਾਸ਼ ਉਸ ਨੂੰ ਵਿਚਾਰਧਾਰਕ ਤੌਰ ’ਤੇ ਵੱਖਰੀ ਤੋਰ ਤੁਰਦਾ ਸ਼ਾਇਰ ਕਹਿੰਦਾ। ਪਾਤਰ ਬਾਰੇ ਪਾਸ਼ ਦੀ ਨਜ਼ਮ ‘ਮੈਂ ਤੇ ਪਾਤਰ ਸਕੇ ਭਰਾ’ ਸਾਹਿਤਕ ਹਲਕਿਆਂ ਵਿਚ ਬੇਹੱਦ ਚਰਚਾ ਦਾ ਵਿਸ਼ਾ ਰਹੀ, ‘ਰੇਤ ਦਿਆਂ ਟਿੱਬਿਆਂ ਵਿਚ, ਸਾਡਾ ਜਨਮ ਦੋਹਾਂ ਦਾ ਹੋਇਆ ਸੀ/ ਸਾਨੂੰ ਦੇਖ ਕੇ ਮਾਂ ਦਾ ਚੇਹਰਾ, ਹੱਸਿਆ ਤੇ ਫਿਰ ਰੋਇਆ ਸੀ... ਉਸ ਚਿੜੀਆਂ ਦੇ ਜ਼ਖ਼ਮ ਪਲੋਸੇ, ਮੈਂ ਰਿਹਾ ਟੋਹ ਵਿਚ ਬਾਜ਼ਾਂ ਦੀ/ਮੈਂ ਗਾਲ੍ਹਾਂ ਦੀ ਡਿਗਰੀ ਕੀਤੀ, ਤੇ ਉਸ ਕੀਤੀ ਰਾਗਾਂ ਦੀ/ ਉਹ ਸਾਜ਼ਾਂ ਦੇ ਨਾਲ ਹੈ ਸੌਂਦਾ, ਮੈਨੂੰ ਲੋੜ ਨਾ ਸਾਜ਼ਾਂ ਦੀ/ਮੇਰੀ ਹਿੱਕ ਵਿਚ ਪੱਥਰ ਉੱਗਦੇ, ਉਸ ਦੀ ਹਿੱਕੜੀ ਬਾਗ਼ਾਂ ਦੀ/ਉਹ ਫੁੱਲਾਂ ਦੀ ਛਾਵੇਂ ਬਹਿੰਦਾ, ਤੇ ਮੈਂ ਫਨੀਅਰ ਨਾਗਾਂ ਦੀ/ਚੱਲਦੇ-ਚੱਲਦੇ ਰਾਹਾਂ ਦੇ ਵਿਚ, ਆਇਆ ਐਸਾ ਇਕ ਪੜਾਅ/ਰੁਲਦੇ-ਰੁਲਦੇ ਰੁਲ ਗਏ ਯਾਰੋ, ਮੈਂ ਤੇ ਪਾਤਰ ਸਕੇ ਭਰਾ।’ ਤਿੱਖੀ ਸੁਰ ਵਾਲੀਆਂ ਨਜ਼ਮਾਂ ਕਾਰਨ ਪਾਸ਼ ਅੱਤਵਾਦੀਆਂ ਦੀਆਂ ਅੱਖਾਂ ਵਿਚ ਰੜਕਣ ਲੱਗ ਪਿਆ। ਨਸ਼ਤਰੀ ਸ਼ਬਦਾਂ ਦਾ ਖ਼ਮਿਆਜ਼ਾ ਉਸ ਨੂੰ ਸ਼ਹਾਦਤ ਦੇ ਕੇ ਭੁਗਤਣਾ ਪਿਆ। ਦੂਜੇ ਪਾਸੇ ਪਾਤਰ ਪੰਜਾਬ ਦੀ ਪੀੜਾ ਦਾ ਵੱਡਾ ਬੋਲਾਰਾ ਤੇ ਹਰਕਾਰਾ ਸੀ। ਸੰਵੇਦਨਸ਼ੀਲ ਕਵੀ ਦੀ ਅਥਾਹ ਸੂਖਮਤਾ ਤੇ ਉਸ ਦੇ ਗੀਤਾਂ/ਕਵਿਤਾਵਾਂ ਅੰਦਰਲਾ ਸਰੋਦ ਦਿਲਾਂ ਨੂੰ ਧੂਹ ਪਾਉਂਦਾ। ਦੇਸ਼ ਦੀ ਵੰਡ ਤੋਂ ਬਾਅਦ ਪੰਜਾਬ ਤੇ ਪੰਜਾਬੀਆਂ ਵੱਲੋਂ ਹੰਢਾਏ ਸੰਤਾਪ ਨੂੰ ਸ਼ਬਦ ਦਿੰਦਾ। ਤਰੰਨਮ ਵਿਚ ਗਾਏ ਗੀਤਾਂ ਨੂੰ ਸਰੋਤੇ ਮੰਤਰ-ਮੁਗਧ ਹੋ ਕੇ ਸੁਣਦੇ। ਵਿਦੇਸ਼ਾਂ ਵਿਚ ਉਹ ਗਾਇਕਾਂ ਨਾਲੋਂ ਵੀ ਵੱਧ ਸੁਣਿਆ ਜਾਂਦਾ।
Gross Speed : Typed Word : Switch languages (Punjabi) from the taskbar. If you get any difficulty click here
Note: Type atleast 276 word to Repeat