MSN - Typing
Time left : XX : XX
Punjabi Typing Paragraph
ਉਸ ਦੇ ਸ਼ੋਆਂ ਦੀਆਂ ਟਿਕਟਾਂ ਫਟਾਫਟ ਵਿਕ ਜਾਂਦੀਆਂ। ਤਾੜੀਆਂ ਦੀ ਗੜਗੜਾਹਟ ਦਾ ਸੰਗੀਤ ਉਸ ਨੂੰ ਊਰਜਾ ਦਿੰਦਾ। ਅੰਤਾਂ ਦੀ ਸ਼ੋਹਰਤ ਮਿਲਦੀ ਹੋਵੇ ਤਾਂ ਬੰਦੇ ਨੂੰ ਸਿਹਤ-ਸੰਭਾਲ ਦਾ ਖ਼ਿਆਲ ਹੀ ਨਹੀਂ ਆਉਂਦਾ। ਕਾਵਿਕ ਆਭਾ ਦੇ ਜਲੌਅ ਵਿਚ ਪੰਜਾਬੀ ਦਾ ਕੋਹਿਨੂਰ ਹੀਰਾ ਇਵੇਂ ਸਾਥੋਂ ਵਿੱਛੜ ਜਾਵੇਗਾ, ਇਸ ਦਾ ਕਿਸੇ ਨੇ ਖ਼ਵਾਬ ਵੀ ਨਹੀਂ ਸੀ ਲਿਆ। ਪਾਤਰ ਦੇ ਉਨ੍ਹਾਂ ਪਸ਼ੰਸਕਾਂ ਲਈ ਅਜਿਹੀ ਮਨਹੂਸ ਖ਼ਬਰ ਅਸਮਾਨੀ ਬਿਜਲੀ ਡਿੱਗਣ ਵਾਂਗ ਸੀ ਜਿਨ੍ਹਾਂ ਨੇ ਕੁਝ ਘੰਟੇ ਪਹਿਲਾਂ ਉਸ ਦੇ ਕਲਾਮ ਦਾ ਆਨੰਦ ਮਾਣਿਆ ਸੀ। ਪਾਤਰ ਦੀਆਂ ਕਈ ਸਤਰਾਂ ਲੋਕ ਮੁਹਾਵਰਿਆਂ ਜਾਂ ਲਕੋਕਤੀਆਂ ਵਾਂਗ ਸੁਣੀਆਂ ਤੇ ਸੁਣਾਈਆਂ ਜਾਂਦੀਆਂ ਹਨ। ਕਿਸੇ ਦਾ ਹਾਲ-ਚਾਲ ਪੁੱਛਣ ’ਤੇ ਜਵਾਬ ਮਿਲਦਾ, ‘ਦਿਲ ਹੀ ਉਦਾਸ ਹੈ ਜੀ ਬਾਕੀ ਸਭ ਖ਼ੈਰ ਹੈ।’ ਕੌੜਾ ਸੱਚ ਬੋਲਣ ਵਾਲਿਆਂ ਨੂੰ ਪਾਤਰ ਦੀਆਂ ਸਤਰਾਂ ਰਾਹੀਂ ਤਾਕੀਦ ਕੀਤੀ ਜਾਂਦੀ, ‘ਇੰਨਾ ਸੱਚ ਨਾ ਬੋਲ ਕਿ ’ਕੱਲਾ ਰਹਿ ਜਾਵੇਂ/ਚਾਰ ਕੁ ਬੰਦੇ ਛੱਡ ਲੈ ਮੋਢਾ ਦੇਣ ਲਈ।’ ਸਿਰੜੀ ਬੰਦੇ ਦੀ ਤਾਰੀਫ਼ ਲਈ ਪਾਤਰ ਦੇ ਬੋਲ ਦੁਹਰਾਏ ਜਾਂਦੇ, ‘ਮੈਂ ਰਾਹਾਂ ’ਤੇ ਨਹੀਂ ਤੁਰਦਾ/ਮੈਂ ਤੁਰਦਾ ਤਾਂ ਰਾਹ ਬਣਦੇ।’ ਪਾਤਰ ਦੱਬਵੇਂ ਸੁਰ ਵਿਚ ਵਿਵਸਥਾ ਨਾਲ ਟਕਰਾਉਂਦਾ ਵਿਵੇਕ ਦੀਆਂ ਸਿਖ਼ਰਾਂ ਛੂਹੰਦਾ। ਰਿਹਾ। ਪਾਸ਼ ਪੰਜਾਬ ਦੇ ਕਾਲੇ ਦੌਰ ਦਾ ਪੀੜਤ ਬਣਿਆ। ਪਾਤਰ ਨੇ ਇਸ ਦੌਰ ਦੀ ਬਾਕਮਾਲ ਸ਼ਾਇਰੀ ਲਿਖੀ। ‘ਕੋਈ ਦਸਤਾਰ ਰੱਤ ਲਿੱਬੜੀ ਕੋਈ ਤਲਵਾਰ ਆਈ ਹੈ/ਲਿਆਓ ਸਰਦਲਾਂ ਤੋਂ ਚੁੱਕ ਕੇ ਅਖ਼ਬਾਰ ਆਈ ਹੈ।’ ਉਹ ਵਿਦੇਸ਼ਾਂ ਵਿਚ ਰੁਲ ਰਹੇ ਪੰਜਾਬ ਦੇ ਜਾਇਆਂ ਬਾਰੇ ਚਿੰਤਤ ਸੀ। ਅੱਖਾਂ ਵਿਚ ਆਉਂਦੇ ਹੰਝੂਆਂ ਨੂੰ ਉਹ ਆਮ ਆਦਮੀ ਦਾ ਚੋਣ ਨਿਸ਼ਾਨ ਦੱਸਦਾ। ‘ਲੱਗੀ ਨਜ਼ਰ ਪੰਜਾਬ ਨੂੰ’ ਦਾ ਜ਼ਿਕਰ ਕਰਦਾ। ਮਾਂ-ਬੋਲੀ ਦੇ ਬਦਲ ਰਹੇ ਮੁਹਾਂਦਰੇ ਦੀ ਬਾਤ ਛੋਂਹਦਾ, ‘ਮਰ ਰਹੀ ਹੈ ਮੇਰੀ ਭਾਸ਼ਾ ਸ਼ਬਦ ਸ਼ਬਦ’। ਉਹ ਕਹਿੰਦਾ ਧਰਤੀ ਮਾਂ ਦੀ ਵੀ ਆਪਣੀ ਬੋਲੀ ਹੁੰਦੀ ਹੈ। ਇਸੇ ਲਈ ਬਿਹਾਰ ਤੋਂ ਰਿਜ਼ਕ ਦੀ ਭਾਲ ਵਿਚ ਆਏ ਨੰਦ ਕਿਸ਼ੋਰ ਦੀ ਔਲਾਦ ਊੜਾ-ਐੜਾ ਪੜ੍ਹਦੀ ਹੈ ਤੇ ਅਮੀਰ ਅੱਛਰ ਸਿੰਘ ਦਾ ਕਾਨਵੈਂਟ ਵਿਚ ਪੜ੍ਹਦਾ ਪੋਤਾ ‘ਏਬੀਸੀ’ ਪੜ੍ਹਦਾ ਹੈ। ਇਸ ’ਤੇ ਤਨਜ਼ ਕੱਸਦਾ ਉਹ ਕਹਿੰਦਾ ਹੈ, ‘ਕਿੰਨਾ ਗੂੜ੍ਹਾ ਸਾਕ ਹੈ, ਅੱਖਰਾਂ ਤੇ ਰਿਜ਼ਕ ਦਾ।’ ਪਾਤਰ ਅੱਖਰਾਂ ਰਾਹੀਂ ਚਾਨਣ ਵੰਡਣ ਵਾਲਾ ਵਣਜਾਰਾ ਸੀ। ਬਰਨਾਲੇ ਵਿਚ ਉਸ ਵੱਲੋਂ ਗਾਇਆ ਆਖ਼ਰੀ ਗੀਤ, ‘ਚੱਲ ਉੱਠ ਜਗਾ ਦੇ ਮੋਮਬੱਤੀਆਂ/ਇਹ ਤਾਂ ਏਥੇ ਵਗਦੀਆਂ ਹੀ ਰਹਿਣੀਆਂ ਹਵਾਵਾਂ ਕੁਪੱਤੀਆਂ।’ ਇਹ ਗੀਤ ਪੰਜਾਬੀ ਦੇ ਬਹੁ-ਆਯਾਮੀ ਕਵੀ ਤਾਰਾ ਸਿੰਘ (1929-1993) ਦੀ ਨਜ਼ਮ ’ਚੋਂ ਝਲਕਦੀ ਉਦਾਸ ਸੁਰ, ‘ਕਾਹਨੂੰ ਬਾਲਦੈਂ ਬਨੇਰੇ ’ਤੇ ਮੋਮਬੱਤੀਆਂ/ਲੰਘ ਜਾਣ ਦੇ ਬਾਜ਼ਾਰ ’ਚੋਂ ਹਵਾਵਾਂ ਤੱਤੀਆਂ।’ ਦਾ ਸੁਹਜ ਭਰਪੂਰ ਪ੍ਰਤੀਕਰਮ ਹੈ। ਪਾਤਰ ਲੋਕ ਸਰੋਕਾਰਾਂ ਨਾਲ ਜੁੜਿਆ ਹੋਇਆ ਸ਼ਾਇਰ ਹੈ। ਉਸ ਨੂੰ ‘ਸੀ’ ਕਹਿਣਾ ਦਰੁਸਤ ਨਹੀਂ ਹੈ। ਬਲਦੇ ਹੱਥਾਂ ਨਾਲ ਸਮਿਆਂ ਦੀ ਹਿੱਕ ’ਤੇ ਲਿਖੀ ਸ਼ਾਇਰੀ ਅਮਿੱਟ ਹੈ। ‘‘ਮੈਂ ਨਹੀਂ ਰਹਾਂਗਾ ਮੇਰੇ ਗੀਤ ਰਹਿਣਗੇ/ਪਾਣੀ ਨੇ ਮੇਰੇ ਗੀਤ, ਮੈਂ ਪਾਣੀ ’ਤੇ ਲੀਕ ਹਾਂ।’’ ਸਤਰਾਂ ਅਨੁਸਾਰ ਉਹ ਆਪਣੇ ਗੀਤਾਂ/ਨਜ਼ਮਾਂ ਰਾਹੀਂ ਹਮੇਸ਼ਾ ਸਾਡੇ ਦਰਮਿਆਨ ਜਿਊਂਦੇ ਰਹਿਣਗੇ।
Gross Speed : Typed Word : Switch languages (Punjabi) from the taskbar. If you get any difficulty click here
Note: Type atleast 276 word to Repeat