Time left : XX : XX
Punjabi Typing Paragraph
ਸਰਕਾਰੀ ਚਪੜਾਸੀ ਲੱਗਣ ਲਈ ਵੀ ਘੱਟੋ-ਘੱਟ ਵਿੱਦਿਅਕ ਯੋਗਤਾ ਤੇ ਬੇਦਾਗ਼ ਚਾਲ-ਚਲਨ ਦੇਖਿਆ ਜਾਂਦਾ ਹੈ ਪਰ ਇਨ੍ਹਾਂ ਲਈ ਨਾ ਕੋਈ ਵਿੱਦਿਅਕ ਯੋਗਤਾ ਹੈ ਤੇ ਨਾ ਹੀ ਚਰਿੱਤਰ ਪ੍ਰਮਾਣ ਪੱਤਰ ਦੀ ਲੋੜ ਹੁੰਦੀ ਹੈ। ਅਪਰਾਧਕ ਕੇਸਾਂ ਵਿਚ ਐੱਫਆਈਆਰ ਤੇ ਜੇਲ੍ਹਾਂ ਵਿਚ ਜਾਣਾ ਇਨ੍ਹਾਂ ਦੀਆਂ ਡਿਗਰੀਆਂ ਤੇ ਤਗ਼ਮੇ ਹੁੰਦੇ ਹਨ। ਭਾਰਤੀ ਚੋਣ ਕਮਿਸ਼ਨ ਵੱਲੋਂ ਵੋਟਰਾਂ ਨੂੰ ਆਪਣੇ ਵੋਟ ਦੇ ਅਧਿਕਾਰ ਦੀ ਸਹੀ ਤੇ ਜ਼ਰੂਰੀ ਵਰਤੋਂ ਕਰਨ ਲਈ ਸਹੁੰਆਂ ਚੁਕਾਈਆਂ ਜਾ ਰਹੀਆਂ ਹਨ ਅਤੇ ਇਸ ਲੋਕਤੰਤਰ ਦੇ ਮਹਾ-ਪਰਵ ਵਿਚ ਹੁੰਮਹੁਮਾ ਕੇ ਹਿੱਸਾ ਲੈਣ ਲਈ ਉਤਸ਼ਾਹਤ ਕੀਤਾ ਜਾ ਰਿਹਾ ਹੈ ਪਰ ਦੂਸਰੇ ਪਾਸੇ ਚੋਣਾਂ ਦੇ ਪਹਿਲੇ ਤਿੰਨ ਗੇੜਾਂ ਵਿਚ ਘੱਟ ਵੋਟ ਫ਼ੀਸਦ ਸਿਆਸੀ ਦਲਾਂ ਲਈ ਚਿੰਤਾ ਦਾ ਵਿਸ਼ਾ ਬਣਦਾ ਜਾ ਰਿਹਾ ਹੈ। ਵੋਟਰਾਂ ਵਿਚ ਚੋਣਾਂ ਪ੍ਰਤੀ ਘਟਦੀ ਦਿਲਚਸਪੀ ਦਾ ਇਕ ਕਾਰਨ ਪਾਰਟੀਆਂ ਅਤੇ ਉਨ੍ਹਾਂ ਦੇ ਉਮੀਦਵਾਰਾਂ ਤੋਂ ਉੱਠ ਰਿਹਾ ਵਿਸ਼ਵਾਸ ਵੀ ਹੈ ਜਿਸ ਲਈ ਇਹ ਨੇਤਾ ਆਪ ਹੀ ਜ਼ਿੰਮੇਵਾਰ ਹਨ। ਸਾਈਕਲ ਦਾ ਵੀ ਸਟੈਂਡ ਹੁੰਦਾ ਹੈ ਪਰ ਅਸੀਂ ਜਿਨ੍ਹਾਂ ਲੀਡਰਾਂ ਨੂੰ ਚੁਣਨਾ ਹੈ ਉਨ੍ਹਾਂ ’ਚੋਂ ਵਧੇਰਿਆਂ ਦਾ ਕੋਈ ਸਟੈਂਡ ਹੀ ਨਹੀਂ ਹੈ। ਉਹ ਆਪਣੀ ਪਾਰਟੀ ਪ੍ਰਤੀ ਵਫ਼ਾਦਾਰ ਹੀ ਨਹੀਂ ਹਨ? ਜਿਸ ਪਾਰਟੀ ਨੇ ਉਨ੍ਹਾਂ ਨੂੰ ਸਮਾਜ ’ਚ ਸਰਤਾਜ ਬਣਾਇਆ, ਝੰਡੀ ਵਾਲੀਆਂ ਕਾਰਾਂ ਦਿਵਾਈਆਂ, ਰਾਤੋ-ਰਾਤ ਉਹ ਪਾਰਟੀ ਬਦਲ ਕੇ ਉਸ ਪਾਰਟੀ ਵਿਚ ਜਾ ਰਲਦੇ ਹਨ ਜਿਸ ਦੀਆਂ ਨੀਤੀਆਂ ਦੀ ਉਨ੍ਹਾਂ ਨੇ ਬਹੁਤ ਹੀ ਜ਼ਹਿਰੀਲੇ ਸ਼ਬਦਾਂ ਨਾਲ ਸਖ਼ਤ ਆਲੋਚਨਾ ਕੀਤੀ ਹੁੰਦੀ ਹੈ। ਜਿਸ ਪਾਰਟੀ ਤੇ ਉਸ ਦੇ ਲੀਡਰਾਂ ਦੇ ਨਿੱਜੀ ਤੌਰ ’ਤੇ ਪੋਤੜੇ ਫੋਲੇ ਹੁੰਦੇ ਹਨ, ਜਿਸ ਨੂੰ ਰਾਸ਼ਟਰ ਵਿਰੋਧੀ, ਆਮ ਜਨਤਾ ਦਾ ਸ਼ੋਸ਼ਣ ਕਰਨ ਵਾਲੀ, ਫ਼ਿਰਕਾਪ੍ਰਸਤ, ਭ੍ਰਿਸ਼ਟਾਚਾਰੀ ਤੇ ਘੁਟਾਲਿਆਂ ਨਾਲ ਸਿਰ ਤੋਂ ਪੈਰਾਂ ਤੱਕ ਲਿੱਬੜੀ ਪਾਰਟੀ ਦੱਸਦੇ ਰਹੇ ਹਨ, ਉਹੀ ਪਾਰਟੀ ਇਨ੍ਹਾਂ ਦਲ ਬਦਲੂਆਂ ਲਈ ਦੁੱਧ-ਧੋਤੀ ਤੇ ਪਵਿੱਤਰ ਕਿਵੇਂ ਹੋ ਜਾਂਦੀ ਹੈ? ਉਸ ਪਾਰਟੀ ਦੀਆਂ ਨੀਤੀਆਂ ਤੇ ਕਾਰਜਸ਼ੈਲੀ ਲੋਕ ਤੇ ਰਾਸ਼ਟਰ ਹਿਤ ਵਾਲੀਆਂ ਕਿਵੇਂ ਹੋ ਜਾਂਦੀਆਂ ਹਨ? ਇੰਜ ਆਮ ਵੋਟਰ ਆਪਣੇ-ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰਦਾ ਹੈ। ਜਿਨ੍ਹਾਂ ਲੀਡਰਾਂ ਨੂੰ ਲੱਖਾਂ ਵੋਟਰਾਂ ਨੇ ਆਪਣੀ ਵੋਟ ਤੇ ਸਪੋਰਟ ਨਾਲ ਜਿਤਾਇਆ ਹੁੰਦਾ ਹੈ, ਉਹ ਲੀਡਰ ਚੁੱਪਚਾਪ ਬਿਨਾਂ ਆਪਣੇ ਸਮਰਥਕਾਂ ਨੂੰ ਦੱਸਿਆਂ-ਪੁੱਛਿਆਂ ਦੂਸਰੀ ਪਾਰਟੀ ਵਿਚ ਟਪੂਸੀ ਮਾਰ ਜਾਂਦੇ ਹਨ, ਇਸ ਕਰਕੇ ਕਿ ਪਹਿਲੀ ਪਾਰਟੀ ਨੇ ਉਨ੍ਹਾਂ ਨੂੰ ਜਾਂ ਉਨ੍ਹਾਂ ਦੇ ਪਰਿਵਾਰ ਦੇ ਮੈਂਬਰ ਨੂੰ ਟਿਕਟ ਨਹੀਂ ਦਿੱਤੀ ਹੁੰਦੀ।