Time left : XX : XX
Punjabi Typing Paragraph
ਪੰਜਾਬ ਕਿੰਗਸ ਦੇ ਗੇਂਦਬਾਜ਼ ਅਰਸ਼ਦੀਪ ਸਿੰਘ ਨੂੰ ਭਾਰਤ ਦੀ ਟੀ-20 ਟੀਮ ਲਈ ਚੁਣ ਲਿਆ ਗਿਆ ਹੈ। ਇਹ ਚੋਣ ਦੱਖਣੀ ਅਫ਼ਰੀਕਾ ਖਿਲਾਫ਼ ਟੀ-20 ਸੀਰਜ਼ ਲਈ ਕੀਤੀ ਗਈ ਹੈ। ਅਰਸ਼ਦੀਪ ਸਿੰਘ ਨੇ ਇਸ ਵਾਰ ਵੀ ਆਈਪੀਐੱਲ ਵਿੱਚ ਪੰਜਾਬ ਕਿੰਗਸ ਲਈ ਚੰਗਾ ਪ੍ਰਦਰਸ਼ਨ ਕੀਤਾ ਹੈ। ਭਾਵੇਂ ਉਨ੍ਹਾਂ ਦੀ ਟੀਮ ਪਲੇਆਫ ਤੱਕ ਨਹੀਂ ਪਹੁੰਚ ਸਕੀ ਪਰ ਅਰਸ਼ਦੀਪ ਦੀਆਂ ਇਸ ਸੀਜ਼ਨ ਵਿੱਚ ਲਈਆਂ 10 ਵਿਕਟਾਂ ਨੇ ਉਨ੍ਹਾਂ ਨੂੰ ਟੀਮ ਇੰਡੀਆ ਤੱਕ ਪਹੁੰਚਾ ਦਿੱਤਾ ਹੈ। ਸਾਲ 2021 ਦੇ ਆਈਪੀਐੱਲ ਵਿੱਚ ਵੀ ਅਰਸ਼ਦੀਪ ਨੇ ਚੰਗਾ ਪ੍ਰਦਰਸ਼ਨ ਕੀਤਾ ਸੀ। ਉਸ ਵੇਲੇ ਬੀਬੀਸੀ ਪੱਤਰਕਾਰ ਅਰਵਿੰਦ ਛਾਬੜਾ ਨੇ ਉਨ੍ਹਾਂ ਦੇ ਪਰਿਵਾਰ ਨਾਲ ਗੱਲਬਾਤ ਕੀਤੀ ਸੀ। ਪੇਸ਼ ਹਨ ਉਸ ਗੱਲਬਾਤ ਦੇ ਅੰਸ਼। ਜਦੋਂ ਪਿਤਾ ਨੇ ਕੈਨੇਡਾ ਭੇਜਣ ਦੀ ਇੱਛਾ ਜਤਾਈ ਪੰਜਾਬ ਦੇ 23 ਸਾਲਾ ਖਿਡਾਰੀ ਦੇ ਮਾਪੇ ਸਪਸ਼ਟ ਤੌਰ 'ਤੇ ਮਾਣ ਮਹਿਸੂਸ ਕਰਦੇ ਹਨ। ਪਰ ਕੁੱਝ ਸਾਲ ਪਹਿਲਾਂ ਉਨ੍ਹਾਂ ਨੇ ਅਜਿਹਾ ਮਹਿਸੂਸ ਨਹੀਂ ਕੀਤਾ ਸੀ। ਚੰਡੀਗੜ੍ਹ ਤੋਂ ਬਾਅਦ ਹੁਣ ਖਰੜ ਵਿੱਚ ਵਸੇ ਉਨ੍ਹਾਂ ਦੇ ਪਿਤਾ ਦਰਸ਼ਨ ਸਿੰਘ ਨੇ ਬੀਬੀਸੀ ਨੂੰ ਦੱਸਿਆ, "ਮੈਂ ਚਾਹੁੰਦਾ ਸੀ ਕਿ ਉਹ ਕੈਨੇਡਾ ਜਾਵੇ।" ਇਹ ਇਸ ਲਈ ਸੀ ਕਿ ਦਰਸ਼ਨ ਸਿੰਘ ਨੂੰ ਫ਼ਿਕਰ ਸੀ ਕਿ ਉਨ੍ਹਾਂ ਦੇ ਬੇਟੇ ਨੂੰ ਇੱਥੇ ਕੋਈ ਚੰਗਾ ਕੰਮ ਜਾਂ ਨੌਕਰੀ ਨਹੀਂ ਮਿਲੇਗੀ। "ਸਾਰੇ ਮਾਪੇ ਚਾਹੁੰਦੇ ਹਨ ਕਿ ਉਨ੍ਹਾਂ ਦੇ ਬੱਚੇ ਵਿੱਤੀ ਤੌਰ 'ਤੇ ਸੁਰੱਖਿਅਤ ਰਹਿਣ, ਜ਼ਿੰਦਗੀ ਵਿੱਚ ਵਧੀਆ ਪ੍ਰਦਰਸ਼ਨ ਕਰਨ। ਮੈਂ ਅਰਸ਼ਦੀਪ ਲਈ ਵੀ ਇਹੀ ਚਾਹੁੰਦਾ ਸੀ। ਉਸ ਦਾ ਵੱਡਾ ਭਰਾ ਕੈਨੇਡਾ ਗਿਆ ਹੋਇਆ ਹੈ ਅਤੇ ਇਸ ਕਰ ਕੇ ਮੈਂ ਚਾਹੁੰਦਾ ਸੀ ਕਿ ਪਲੱਸ ਟੂ ਕਰ ਕੇ ਉਹ ਵੀ ਉੱਥੇ ਚਲਾ ਜਾਵੇ।" "ਪਰ ਅਰਸ਼ਦੀਪ ਨੇ ਕਿਹਾ- ਮੈਨੂੰ ਕ੍ਰਿਕਟ 'ਤੇ ਧਿਆਨ ਕੇਂਦਰਿਤ ਕਰਨ ਲਈ ਇੱਕ ਸਾਲ ਦੇ ਦਿਓ ਅਤੇ ਇਸ ਤੋਂ ਬਾਅਦ ਜਿਵੇਂ ਤੁਸੀਂ ਕਹੋਗੇ ਉਹ ਕਰਾਂਗਾ। ਸੋ, ਮੈਂ ਉਸ ਨੂੰ ਇੱਕ ਸਾਲ ਦੀ ਇਜਾਜ਼ਤ ਦੇ ਦਿੱਤੀ।" ਇਸ ਤੋਂ ਬਾਅਦ ਉਨ੍ਹਾਂ ਦੀ ਕ੍ਰਿਕਟ ਅਤੇ ਤਕਦੀਰ ਦੋਵੇਂ ਬਦਲਣ ਲੱਗ ਪਏ। ਉਨ੍ਹਾਂ ਨੇ ਸਖ਼ਤ ਮਿਹਨਤ ਕੀਤੀ ਅਤੇ 19 ਸਾਲ ਤੋਂ ਘੱਟ ਉਮਰ ਦੀ ਭਾਰਤ ਦੀ ਟੀਮ ਲਈ ਚੁਣੇ ਗਿਆ। ਉਨ੍ਹਾਂ ਵਿਸ਼ਵ ਕੱਪ ਅਤੇ ਏਸ਼ੀਆ ਕੱਪ ਖੇਡਣ ਗਏ ਅਤੇ ਵਧੀਆ ਪ੍ਰਦਰਸ਼ਨ ਕੀਤਾ। ਦਰਸ਼ਨ ਸਿੰਘ ਕਹਿੰਦੇ ਹਨ ਕਿ ਆਈਪੀਐੱਲ ਵਿੱਚ ਉਸ ਨੂੰ 2017 ਵਿੱਚ ਨਹੀਂ ਚੁਣਿਆ ਗਿਆ ਸੀ ਪਰ ਅਗਲੇ ਸਾਲ ਪੰਜਾਬ ਨੇ ਉਸ ਨੂੰ ਖ਼ਰੀਦ ਲਿਆ ਅਤੇ ਉਹ ਖ਼ੁਦ ਨੂੰ ਸਾਬਤ ਕਰ ਚੁੱਕਿਆ ਹੈ।