Time left : XX : XX
Punjabi Typing Paragraph
ਸਾਲ 2021 ਦੇ ਅਚੀਵਮੈਂਟ ਸਰਵੇ ਲਈ ਤਿੰਨ ਪ੍ਰਸ਼ਨਾਵਲੀਆਂ ਵਿਕਸਿਤ ਕੀਤੀਆਂ ਗਈਆਂ ਸਨ- ਬੱਚਿਆਂ ਲਈ, ਅਧਿਆਪਕਾਂ ਲਈ ਤੇ ਸਕੂਲਾਂ ਲਈ। ਇਨ੍ਹਾਂ ਪ੍ਰਸ਼ਨਾਵਲੀਆਂ ਨੂੰ 22 ਭਾਸ਼ਾਵਾਂ ਵਿੱਚ ਅਨੁਵਾਦ ਕੀਤਾ ਗਿਆ। ਫਿਰ ਇਸ ਸਰਵੇ ਲਈ ਬੱਚਿਆਂ ਦਾ ਟੈਸਟ ਸੀ ਬੀ ਐੱਸ ਈ ਵੱਲੋਂ ਪੂਰੇ ਦੇਸ਼ ਵਿੱਚ ਇੱਕੋ ਸਮੇਂ 12 ਨਵੰਬਰ 2021 ਨੂੰ ਲਿਆ ਗਿਆ। ਤੀਜੀ, ਪੰਜਵੀਂ ਅਤੇ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਬਹੁ-ਵਿਕਲਪੀ ਪ੍ਰਸ਼ਨ ਪੱਤਰ ਹੱਲ ਕਰਨ ਲਈ ਦਿੱਤੇ ਗਏ। ਸਵਾਲਾਂ ਦੇ ਜਵਾਬ ਵਿਦਿਆਰਥੀ ਓ ਐਮ ਆਰ ਸ਼ੀਟ ਉੱਪਰ ਦਿੰਦੇ ਹਨ। ਇਹ ਪ੍ਰਸ਼ਨ ਪੱਤਰ ਬੱਚਿਆਂ ਦੀ ਸਕੂਲੀ ਸਿੱਖਿਆ ਦੇ ਵੱਖ-ਵੱਖ ਪੱਧਰਾਂ ਉੱਪਰ ਸਿੱਖਣ ਪ੍ਰਾਪਤੀ ਦਾ ਆਂਕਲਣ ਕਰਦੇ ਹਨ। ਇਨ੍ਹਾਂ ਪ੍ਰਸ਼ਨ ਪੱਤਰਾਂ ਨੂੰ ਸਿੱਖਿਆ ਖੇਤਰ ਦੇ ਮਾਹਰਾਂ ਵੱਲੋਂ ਫੀਲਡ ਟੈਸਟਿੰਗ ਦੇ ਅਧਾਰ 'ਤੇ ਤਿਆਰ ਕੀਤਾ ਜਾਂਦਾ ਹੈ। ਹਰ ਸਵਾਲ ਨੂੰ ਰਿਸਰਚ ਦੀ ਕਸੌਟੀ ਉੱਪਰ ਕਸੇ ਜਾਣ ਤੋਂ ਬਾਅਦ ਹੀ ਪ੍ਰਸ਼ਨ ਪੱਤਰ ਵਿੱਚ ਸ਼ਾਮਲ ਕੀਤਾ ਜਾਂਦਾ ਹੈ। ਆਖਰੀ ਰਿਪੋਰਟ ਦੇ ਨਤੀਜਿਆਂ ਨੂੰ ਲਿੰਗ (ਕੁੜੀਆਂ ਮੁੰਡੇ), ਖੇਤਰ (ਪੇਂਡੂ ਸ਼ਹਿਰੀ), ਸਕੂਲ ਦੀ ਕਿਸਮ (ਸਰਕਾਰੀ, ਨਿੱਜੀ, ਸਹਾਇਤਾ ਪ੍ਰਪਤ) , ਸਮਾਜਿਕ ਸਮੂਹ (ਐਸ ਸੀ, ਬੀ ਸੀ, ਐਸ ਟੀ) ਦੇ ਅਧਾਰ 'ਤੇ ਪੇਸ਼ ਕੀਤਾ ਜਾਂਦਾ ਹੈ। ਸਰਵੇ ਤੋਂ ਹਾਸਲ ਜਾਣਕਾਰੀ ਨੀਤੀ ਨਿਰਮਾਣ, ਸਿੱਖਿਆ ਦੀ ਗੁਣਵੱਤਾ ਵਿੱਚ ਸੁਧਾਰ ਕਰਨ ਲਈ ਅਤੇ ਵਿਦਿਆਰਥੀਆਂ ਦੀ ਸਿੱਖਿਆ ਵਿੱਚ ਸਮਰੂਪਤਾ ਲਿਆਉਣ ਲਈ ਕੀਤੀ ਜਾਂਦੀ ਹੈ। ਨੈਸ਼ਨਲ ਅਚੀਵਮੈਂਟ ਸਰਵੇ ਪੂਰੇ ਭਾਰਤ ਵਿੱਚ ਸਕੂਲ ਸਿੱਖਿਆ ਦੇ ਖੇਤਰ ਵਿੱਚ ਕੀਤਾ ਜਾਣ ਵਾਲਾ ਸਭ ਤੋਂ ਵੱਡਾ ਸੈਂਪਲ ਅਧਾਰਿਤ ਸਰਵੇਖਣ ਹੈ।ਇਹ ਸਰਵੇਖਣ ਵਿਦਿਆਰਥੀਆਂ ਦੇ ਸਿੱਖਣ ਪੱਧਰਾਂ ਬਾਰੇ ਜ਼ਿਲ੍ਹੇਵਾਰ, ਸੂਬਿਆਂ ਤੇ ਕੌਮੀ ਪੱਧਰਾਂ ਉੱਪਰ ਵਿਸਥਾਰਪੂਰਬਕ ਜਾਣਕਾਰੀ ਦਿੰਦਾ ਹੈ। ਪਿਛਲਾ ਸਰਵੇ 2017 ਵਿੱਚ ਕੀਤਾ ਗਿਆ ਸੀ।ਸਰਵੇਖਣ ਵਿੱਚ ਤੀਜੀ, ਪੰਜਵੀਂ ਅਤੇ ਅੱਠਵੀ ਜਮਾਤ ਦੇ ਵਿਦਿਆਰਥੀਆਂ ਤੋਂ ਭਾਸ਼ਾ, ਗਣਿਤ, ਵਾਤਾਵਰਣ ਦੇ ਪਾਠਕ੍ਰਮ ਵਿੱਚੋਂ ਟੈਸਟ ਲਏ ਜਾਂਦੇ ਹਨ। ਦਸਵੀਂ ਜਮਾਤ ਦੇ ਵਿਦਿਆਰਥੀਆਂ ਲਈ ਇਹ ਪਾਠਕ੍ਰਮ ਭਾਸ਼ਾ, ਗਣਿਤ, ਵਿਗਿਆਨ, ਸਮਾਜਿਕ ਵਿਗਿਆਨ ਅਤੇ ਅੰਗਰੇਜ਼ੀ ਦੇ ਹੁੰਦੇ ਹਨ। ਪੰਜਾਬੀ ਯੂਨੀਵਰਿਸਟੀ ਦੇ ਸਿੱਖਿਆ ਤੇ ਸਮੁਦਾਇ ਸੇਵਾ ਵਿਭਾਗ ਦੇ ਸਾਬਕਾ ਪ੍ਰੋਫ਼ੈਸਰ ਅਤੇ ਮੁਖੀ ਡਾ਼ ਕੁਲਵਿੰਦਰ ਸਿੰਘ ਨੇ ਇਸ ਸੰਬੰਧ ਵਿੱਚ ਬੀਬੀਸੀ ਨੂੰ ਦੱਸਿਆ ਕਿ ਸਰਵੇ ਦੇ ਨਤੀਜਿਆਂ ਦੀ ਵਿਆਖਿਆ ਵੇਲੇ ਸਾਵਧਾਨੀ ਵਰਤਣ ਦੀ ਲੋੜ ਹੈ।