Time left : XX : XX
Punjabi Typing Paragraph
ਪਿਛਲ ਦਿਨੀਂ ਗੁਜਰਾਤ ਵਿਚ ਖ਼ਬਰਾਂ ਦੇਣ ਵਾਲੇ ਇਕ ਪੋਰਟਲ 'ਫੇਸ ਆਫ਼ ਦਿ ਨੇਸ਼ਨ' ਦੇ ਸੰਪਾਦਕ ਧਵਲ ਪਟੇਲ ਖ਼ਿਲਾਫ਼ ਤਾਜ਼ੀਰਾਤੇ ਹਿੰਦ ਦੀ ਧਾਰਾ 124 ਏ (ਦੇਸ਼-ਧਰੋਹ) ਅਤੇ ਡਿਜ਼ਾਸਟਰ ਮੈਨੇਜਮੈਂਟ ਐਕਟ ਦੀ ਧਾਰਾ 54 (ਕਿਸੇ ਆਫ਼ਤ ਤੇ ਝੂਠੀ ਖ਼ਬਰ ਦੇਣ ਜਾਂ ਅਫ਼ਵਾਹ ਫੈਲਾਉਣ) ਤਹਿਤ ਇਕ ਫ਼ੌਜਦਾਰੀ ਕੇਸ ਇਸ ਲਈ ਦਰਜ ਕੀਤਾ ਗਿਆ ਕਿਉਂਕਿ ਉਸ ਪੋਰਟਲ `ਤੇ 7 ਮਈ ਨੂੰ ਗੁਜਰਾਤ ਦੇ ਮੁੱਖ ਮੰਤਰੀ ਵਿਜੈ ਰੂਪਾਨੀ ਨੂੰ ਬਦਲਣ ਅਤੇ ਉਸ ਦੀ ਥਾਂ ਕੇਂਦਰੀ ਮੰਤਰੀ ਮਨਸੁਖ ਮੰਡਵੀਆ ਦੇ ਮੁੱਖ ਮੰਤਰੀ ਬਣਨ ਬਾਰੇ ਖ਼ਬਰ ਨਸ਼ਰ ਹੋਈ ਸੀ। ਸੂਬਿਆਂ ਵਿਚ ਮੁੱਖ ਮੰਤਰੀਆਂ ਦੇ ਬਦਲਣ ਬਾਰੇ ਅਕਸਰ ਚਰਚਾ ਹੁੰਦੀ ਰਹਿੰਦੀ ਹੈ ਅਤੇ ਸਿਆਸੀ ਆਗੂ ਖ਼ੁਦ ਜ਼ਿਆਦਾ ਤਾਕਤਵਰ ਬਣਨ ਅਤੇ ਵੱਡੇ ਅਹੁਦੇ ਹਾਸਲ ਕਰਨ ਲਈ ਇਕ-ਦੂਸਰੇ ਵਿਰੁੱਧ ਗੋਂਦਾਂ ਗੁੰਦਦੇ ਰਹਿੰਦੇ ਹਨ ਪਰ ਅਜਿਹੀ ਕਿਸੇ ਵੀ ਖ਼ਬਰ ਨੂੰ ਦੇਸ਼-ਧਰੋਹ ਨਹੀਂ ਮੰਨਿਆ ਜਾ ਸਕਦਾ। ਇਸ ਪੋਰਟਲ ਦਾ ਨਾਂ 'ਫੇਸ ਆਫ਼ ਦੀ ਨੇਸ਼ਨ' ਭਾਵ ਰਾਸ਼ਟਰ ਦਾ ਚਿਹਰਾ ਸਰਲ ਜਾਪਦਾ ਹੋਇਆ ਵੀ ਬਹੁਤ ਪ੍ਰਤੀਕਮਈ ਹੈ। ਰਾਸ਼ਟਰ ਦਾ ਚਿਹਰਾ ਜਾਂ ਰਾਸ਼ਟਰ/ ਰਿਆਸਤ/ ਸਟੇਟ ਦੀ ਸਥਿਤੀ ਇਕ ਅਜਿਹਾ ਜਟਿਲ ਪ੍ਰਤੀਕ ਹੈ ਜਿਸ ਦੀ ਵਰਤੋਂ ਹਾਕਮ ਜਮਾਤਾਂ ਅਤੇ ਜਾਤਾਂ ਬੜੇ ਚੇਤਨ ਤਰੀਕੇ ਨਾਲ ਕਰਦੀਆਂ ਹਨ। ਸਰਲ ਤਰੀਕੇ ਨਾਲ ਕਿਹਾ ਜਾਏ ਤਾਂ ਕਿਸੇ ਵੀ ਰਾਸ਼ਟਰ ਦਾ ਚਿਹਰਾ ਉਸ ਦੇਸ਼ ਦੇ ਲੋਕ ਹੁੰਦੇ; ਆਮ ਲੋਕਾਂ ਦੇ ਜੀਵਨ ਦੇ ਹਾਲਾਤ, ਉਨ੍ਹਾਂ ਨੂੰ ਮਿਲੇ ਮੌਲਿਕ ਅਧਿਕਾਰ, ਰਿਆਸਤ/ ਸਟੇਟ ਦਾ ਉਨ੍ਹਾਂ ਨਾਲ ਵਰਤਾਓ, ਆਗੂਆਂ ਦੀ ਲੋਕਾਂ ਪ੍ਰਤੀ ਪ੍ਰਤੀਬੱਧਤਾ ਜਿਹੇ ਮਾਪਦੰਡ ਨਿਸ਼ਚਿਤ ਕਰਦੇ ਹਨ ਕਿ ਰਾਸ਼ਟਰ ਦੀ ਦਿੱਖ ਕਿਹੋ ਜਿਹੀ ਹੈ। ਹਾਕਮ ਜਮਾਤਾਂ ਨਾ ਤਾਂ ਲੋਕਾਂ ਦੇ ਅਸਲੀ ਹਲਾਤਾਂ ਨੂੰ ਸਵੀਕਾਰ ਕਰਦੀਆਂ ਹਨ ਅਤੇ ਨਾ ਹੀ ਅਜਿਹੇ ਹਾਲਾਤ ਨੂੰ ਰਾਸ਼ਟਰ ਦੇ ਚਿਹਰੇ ਜਾਂ ਦਿੱਖ ਵਜੋਂ ਪਛਾਣ ਮਿਲਦੀ ਹੈ। ਪਿਛਲੇ ਕੁਝ ਵਰ੍ਹਿਆਂ ਤੋਂ ਸਾਡੇ ਰਾਸ਼ਟਰ ਦੇ ਚਿਹਰੇ/ਦਿੱਖ ਨੂੰ ਕਾਫ਼ੀ ਸੰਵਾਰਿਆ ਸਜਾਇਆ ਜਾ ਰਿਹਾ ਹੈ। ਸਾਨੂੰ ਇਹ ਦੱਸਿਆ ਜਾ ਰਿਹਾ ਹੈ ਕਿ ਸਾਡਾ ਰਾਸ਼ਟਰ ਦੁਨੀਆਂ ਵਿਚ ਸਭ ਤੋੰ ਮਹਾਨ ਹੈ, ਇਸ ਦੀ ਸੱਭਿਅਤਾ ਸਭ ਤੋਂ ਪੁਰਾਤਨ ਹੈ ਅਤੇ ਪੁਰਾਣੇ ਸਮਿਆਂ ਵਿਚ ਅਸੀਂ ਸਭ ਤੋਂ ਜ਼ਿਆਦਾ ਸੱਭਿਆ ਤੇ ਵਿਦਵਾਨ ਸਾਂ ; ਸਾਰੀ ਦੁਨੀਆਂ ਨੂੰ ਗਿਆਨ ਸਾਡੇ ਦੇਸ਼ ਵਿਚੋਂ ਹੀ ਗਿਆ ਹੈ। ਪਿਛਲੇ ਕਈ ਦਹਾਕਿਆਂ ਤੋਂ ਰਚੇ ਜਾ ਰਹੇ ਇਸ ਸੱਤਾਮਈ ਬਿਰਤਾਂਤ ਅਨੁਸਾਰ ਇਹ ਰਾਸ਼ਟਰ ਪ੍ਰਚੀਨ ਸਮਿਆਂ ਤੋਂ ਹਿੰਦੂ ਧਰਮ ਦੇ ਲੋਕਾਂ ਦਾ ਦੇਸ਼ ਹੈ ਜਿਨ੍ਹਾਂ ਨੇ ਧਾਰਮਿਕ ਗ੍ਰੰਥਾਂ, ਜਿਹੜੇ ਅਧਿਆਤਮਕ ਵਿੱਦਿਆ ਦੇ ਅਨਮੋਲ ਖਜ਼ਾਨੇ ਹਨ, ਦੀ ਰਚਨਾ ਕੀਤੀ; ਇਹ ਅਧਿਆਤਮਕਤਾ ਇਸ ਭੂਗੋਲਿਕ ਖ਼ਿੱਤੇ ਦੇ ਲੋਕਾਂ ਦੇ ਸਮਾਜਿਕ ਜੀਵਨ ਵਿਚ ਰਚੀ-ਮਿਚੀ ਹੋਈ ਹੈ ਅਤੇ ਇਸ ਲਈ ਵੱਖ-ਵੱਖ ਜੀਵਨ-ਜਾਚ ਰੱਖਣ ਵਾਲੇ ਲੋਕ ਹਿੰਦੂ ਰਾਸ਼ਟਰ ਦਾ ਹਿੱਸਾ ਹਨ।