MSN - Typing
Time left : XX : XX
Punjabi Typing Paragraph
 ਪਿਛਲੇ ਕਈ ਵਰ੍ਹਿਆਂ ਤੋਂ ਆਮ ਭਾਰਤੀ ਲੋਕ ਅਤੇ ਖਾਸ ਕਰਕੇ ਪੰਜਾਬੀ ਨੌਜਵਾਨ ਤਬਕਾ ਕੈਨੇਡਾ ਜਾ ਕੇ ਪੈਸੇ ਕਮਾਉਣ ਲਈ ਬੜੀ ਉਤਸੁਕ ਰਹਿੰਦਾ ਹੈ। ਹਰ ਨੌਜਵਾਨ ਦੂਰੋਂ-ਦੂਰੋਂ ਸਬਜ਼ ਬਾਗ ਵੇਖਦਾ ਹੈ ਅਤੇ ਕੈਨੇਡਾ ਜਾ ਕੇ ਡਾਲਰ ਕਮਾਉਣ ਦੀ ਲਾਲਸਾ ਰੱਖਦਾ ਹੈ। ਇਸ ਤਰ੍ਹਾਂ ਉਹ ਸੁਪਨਿਆਂ ਦਾ ਮਹਿਲ ਪਹਿਲੇ ਹੀ ਖੜ੍ਹਾ ਕਰ ਲੈਂਦਾ ਹੈ ਕਿ ਖੂਬ ਧਨ ਕਮਾ ਕੇ, ਜਦੋਂ ਉਹ ਕੈਨੇਡਾ ਤੋਂ ਘਰ ਵਾਪਸ ਪਰਤੇਗਾ, ਤਾਂ ਉਸ ਪਾਸ ਜ਼ਿੰਦਗੀ ਦੀਆਂ ਸਭ ਪ੍ਰਕਾਰ ਦੀਆਂ ਸਹੂਲਤਾਂ ਅਤੇ ਸੁਖ ਹੋਣਗੇ, ਜਿਸਦਾ ਅਨੰਦ ਅਜੋਕਾ ਅਮੀਰ ਵਰਗ ਮਾਣ ਰਿਹਾ ਹੈ। ਪਰ, ਜਦੋਂ ਐਸਾ ਹਰ ਨੌਜਵਾਨ ਮੁਸ਼ਕਲਾਂ ਨਾਲ ਕੈਨੇਡਾ ਜਾਣ ਲਈ ਖਰਚ ਇਕੱਠਾ ਕਰਕੇ ਉਥੇ ਪਹੁੰਚਦਾ ਹੈ, ਤਾਂ ਉਸ ਨੂੰ ਹਕੀਕਤ ਅਤੇ ਵਾਸਤਵਿਕਤਾ ਕੁਝ ਵਖਰੀ ਨਜ਼ਰ ਆਉਂਦੀ ਹੈ ਅਤੇ ਉਨ੍ਹਾਂ ਨੌਜਵਾਨਾ ਦੇ ਸੁਪਨੇ ਚਕਨਾਚੂਰ ਹੁੰਦਿਆਂ ਦੇਰ ਨਹੀਂ ਲਗਦੀ। ਕੈਨੇਡਾ ਪੁਜਦਿਆਂ ਹੀ ਉਨ੍ਹਾਂ ਨੂੰ ਉੱਥੇ ਨਜ਼ਾਰਾ ਮਾਯੂਸੀ ਭਰਿਆ ਦਿਖਾਈ ਦੇਂਦਾ ਹੈ। ਉੱਥੇ ਜਾ ਕੇ ਇਹ ਨੌਜਵਾਨ ਆਪਣੇ ਵਰਗੇ ਭਾਰਤੀ ਨੌਜਵਾਨ ਮਰਦ ਤੇ ਇਸਤਰੀਆਂ ਨੂੰ ਕੂੜੇ ਵਾਲੇ ਡਰੰਮ ਚੁੱਕੀ ਅਤੇ ਸਫ਼ਾਈ ਕਰਦਿਆਂ ਵੇਖਦੇ ਹਨ ਜਾਂ ਕਨਵੇਅਰ ਬੈੱਲਟ ਤੋਂ ਸਮਾਨ ਚੁੱਕਣ ਲਈ ਗੇੜੇ ਕੱਢਦਿਆਂ ਤੱਕਦੇ ਹਨ। ਕੈਨੇਡਾ ਵਿੱਚ ਜਾ ਕੇ, ਬਰਫ਼ਾਂ ਲੱਦੇ ਮੌਸਮਾਂ ਵਿੱਚ ਪੈਦਲ ਜਾਂ ਬੱਸਾਂ ਵਿੱਚ ਧੱਕੇ ਖਾਂਦਿਆਂ ਨੌਕਰੀ ਦੀ ਤਲਾਸ਼ ਵਿੱਚ ਏਜੰਸੀਆਂ ਦੇ ਚੱਕਰ ਕੱਢਣੇ ਪੈਂਦੇ ਹਨ। ਇਨ੍ਹਾਂ ਨੌਜਵਾਨਾਂ ਨੂੰ ਕੈਨੇਡਾ ਵਿੱਚ ਕਈ ਵਾਰ ਭੋਰਿਆਂ (ਬੇਸਮੈਂਟਾਂ) ਵਿਚ ਕੁਦਰਤੀ ਰੋਸ਼ਨੀ ਤੋਂ ਵਾਂਝੇ ਹੋ ਕੇ, ਜਦੋਂ ਕਈ-ਕਈ ਘੰਟੇ ਲਗਾਤਾਰ ਕੰਮ ਕਰਨਾ ਪੈਂਦਾ ਹੈ, ਤਾਂ ਇਨ੍ਹਾਂ ਦੀ ਹਾਲਤ ਹੋਰ ਵੀ ਖਰਾਬ ਹੋ ਜਾਂਦੀ ਹੈ। ਐਸੇ ਸਮੇਂ ਇਨ੍ਹਾਂ ਨੂੰ ਆਪਣਾ ਘਰ ਭਾਰਤ ਯਾਦ ਆਉਂਦਾ ਹੈ, ਪਰ ਇਹ ਕੈਨੇਡਾ ਦੀ ਦਲਦਲ ਵਿੱਚ ਫਸ ਚੁੱਕੇ ਹੁੰਦੇ ਹਨ, ਜਿੱਥੋਂ ਬਾਹਰ ਨਿਕਲ ਕੇ ਘਰ ਵਾਪਸ ਨਹੀਂ ਪਰਤ ਸਕਦੇ, ਜਿੰਨਾ ਚਿਰ ਕਮਾਈ ਕਰਕੇ ਲੋੜ ਅਨੁਸਾਰ ਪੈਸੇ ਇਕੱਠੇ ਨਾ ਕਰ ਲੈਣ। ਕੈਨੇਡਾ ਵਿੱਚ ਨੌਕਰੀਆਂ ਪੜਾਈ ਤੇ ਲਿਆਕਤ ਦੇ ਹਿਸਾਬ ਨਾਲ ਨਹੀਂ ਮਿਲਦੀਆਂ। ਉੱਥੇ ਭਾਰਤ ਵਿੱਚ ਕੀਤੀ ਗਈ ਪੜ੍ਹਾਈ ਦਾ ਮੁੱਲ ਬਿਲਕੁਲ ਨਹੀਂ ਪੈਂਦਾ। ਭਾਰਤ ਵਿੱਚ ਡਿਪਲੋਮੇ ਤੇ ਡਿਗਰੀਆਂ ਚੁੱਕੀ ਫਿਰਦੇ ਹਜ਼ਾਰਾਂ ਨੌਜਵਾਨ ਤੋਂ ਕਈ ਵਾਰੀਆਂ ਤੁਹਾਨੂੰ ਆਮ ਰੁਲਦੇ ਮਿਲ ਜਾਣਗੇ। ਬਚਪਨ ਦੀ ਉਮਰੇ, ਭਾਰਤ ਵਿੱਚ ਪੜ੍ਹਾਈ ਨਾਲ ਮੱਥਾ ਮਾਰ ਚੁੱਕੇ ਅਤੇ ਚੰਗੇਰੇ ਭਵਿੱਖ ਦੀ ਆਸ ਵਿੱਚ ਜਦੋਂ ਇਹ ਨੌਜਵਾਨ ਪਰਾਈ ਧਰਤੀ ਤੇ ਡੇਰਾ ਲਾਉਂਦੇ ਹਨ, ਤਾਂ ਆਪਣੀ ਜ਼ਿੰਦਗੀ ਦਾ ਕੀਤਮੀ ਸਮਾਂ ਨਸ਼ਟ ਹੁੰਦਾ ਵੇਖਦੇ ਹਨ, ਕਿਉਂਕਿ ਉਨ੍ਹਾਂ ਦੀ ਪਿਛੇ ਕੀਤੀ ਪੜ੍ਹਾਈ ਤੇ ਮਿਹਨਤ ਦਾ ਮੁੱਲ ਪੈਂਦਾ ਨਹੀਂ ਦਿਸਦਾ। ਇਸ ਤਰ੍ਹਾਂ ਉਹ ਨਿਰਾਸ਼ਾ ਦੇ ਆਲਮ ਵਿੱਚ ਗੁਆਚੇ, ਆਪਣੀ ਅਸਲੀ ਹਾਲਤ ਵਾਪਸ ਘਰ ਵਾਲਿਆਂ ਨੂੰ ਵੀ ਦੱਸਣ ਜੋਗੇ ਨਹੀਂ ਰਹਿੰਦੇ, ਸ਼ਰਮਿੰਦਗੀ ਕਰਕੇ। ਕੇਨੇਡਾ ਵਿੱਚ ਤੁਹਾਡੇ ਲਈ ਕੋਈ ਕੰਮ ਵੀ ਪੱਕਾ ਜਾਂ ਪਰਮਾਨੈਂਟ ਨਹੀਂ। ਕਿਸੇ ਵੇਲੇ ਵੀ ਕੰਮ ਕਰਦੇ ਕਰਦੇ ਜਵਾਬ ਮਿਲ ਸਕਦਾ ਹੈ, ਕਿ ਹੁਣ ਤੁਹਾਡੇ ਲਈ ਹੋਰ ਕੰਮ ਨਹੀਂ। ਆਪਣੇ ਦੇਸ਼ ਹਿੰਦੁਸਾਨ ਵਿੱਚ ਬੈਠੇ ਆਮ ਲੋਕ ਵਿਦੇਸ਼ਾਂ ਬਾਰੇ ਚੰਗੇਰੀ ਹਾਲਤ ਦੇ ਸੁਪਨੇ ਲੈਂਦੇ ਹਨ, ਬਦੇਸ਼ੀ ਚੰਗੇ ਨਿਯਮਾਂ ਦੀ ਪ੍ਰਸੰਸਾ ਕਰਦੇ ਹਨ, ਪਰ ਬਦੇਸ਼ਾਂ ਵਿੱਚ ਰਹਿ ਕੇ ਜਿਸ ਨੂੰ ਜਿਊਣਾ ਪੈਂਦਾ ਹੈ, ਉਹੀ ਸਹੀ ਤੇ ਬਿਹਤਰ ਬਦੇਸ਼ਾਂ ਬਾਰੇ ਦੱਸ ਸਕਦਾ ਹੈ। ਜੇ ਕੋਈ ਆਪਣਾ ਮਕਾਨ ਕਿਸ਼ਤਾਂ ਤੇ ਲੈ ਵੀ ਲੈਂਦਾ ਹੈ, ਉਹ ਜਾਣੋਂ ਚੁਰਾਸੀ ਦੇ ਗੇੜ ਵਿੱਚ ਐਸਾ ਫਸਦਾ ਹੈ ਕਿ ਦਹਾਕਿਆਂ ਬੱਧੀ ਨਿਕਲ ਨਹੀਂ ਸਕਦਾ। ਹਰ ਮਹੀਨੇ ਐਨੇ ਬਿਲ ਆਉਂਦੇ ਹਨ ਜਿਵੇਂ ਟੈਲੀਫੂਨ ਬਿਲ, ਬਿਜਲੀ ਤੇ ਪਾਣੀ ਦੇ ਬਿਲ, ਸਫਾਈ ਦੇ ਬਿਲ ਆਦਿ ਹੀ ਸਾਹ ਨਹੀਂ ਲੈਣ ਦੇਂਦੇ। ਇਸ ਤਰ੍ਹਾਂ ਬਦੇਸ਼ਾਂ ਵਿੱਚ ਰਹਿੰਦੇ ਸਾਡੇ ਭਾਰਤੀ ਨੌਜਵਾਨਾਂ ਨੂੰ ਹੱਡ ਭੰਨ ਕੇ ਮਿਹਨਤ ਕਰਨ ਦੇ ਬਾਵਜੂਦ ਵੀ ਚੈਨ ਦੀ ਜ਼ਿੰਦਗੀ ਨਸੀਬ ਨਹੀਂ ਹੁੰਦੀ। ਅਫਸੋਸ! ਕਿ ਭਾਰਤੀ ਤੇ ਖਾਸ ਕਰਕੇ ਪੰਜਾਬੀ ਨੌਜਵਾਨਾਂ ਨੂੰ ਅਜੇ ਵੀ ਪੂਰਾ ਸਬਕ ਹਾਸਲ ਨਹੀਂ ਹੋਇਆ ਕਿ ਬਦੇਸ਼ਾਂ ਵਿੱਚ ਉਨ੍ਹਾਂ ਵਰਗੇ ਪਹਿਲਾਂ ਗਏ ਹੋਏ ਸਾਥੀਆਂ ਨਾਲ ਕੀ ਬੀਤ ਰਹੀ ਹੈ।
Gross Speed : Typed Word : Switch languages (Punjabi) from the taskbar. If you get any difficulty click here
Note: Type atleast 276 word to Repeat