MSN - Typing
Time left : XX : XX
Punjabi Typing Paragraph
ਗੱਲ ਅਠਾਸੀ-ਉਣੰਨਵੇਂ (1988-89) ਦੀ ਹੋਵੇਗੀ। ਮੇਰੀ ਜ਼ਿੰਦਗੀ ਇੰਗਲੈਂਡ ਵਿਚ ਆਰਾਮ ਦੀ ਗੁਜ਼ਰ ਰਹੀ ਸੀ। ਨੌਜੁਆਨੀ ਵਿਚ, ਮੁੰਡਿਆਂ ਖੁੰਡਿਆਂ ਦੇ ਸਾਰੇ ਸ਼ੌਕ ਪੂਰੇ ਜੋਬਨ ਤੇ ਸਨ, ਸ਼ੀਸ਼ੇ ਮੂਹਰੇ ਅਕਸਰ ਹੀ ਘੰਟਿਆਂ ਬੱਧੀ ਖਲੋਤਾ ਆਪਣੇ ਆਪ ਨੂੰ ਨਿਹਾਰਦਾ ਰਹਿੰਦਾ ਸਾਂ। ਇੱਕ ਦਿਨ ਅਚਾਨਕ ਮੇਰੀ ਨਜ਼ਰ ਕੋਲ ਪਏ ਪੰਜਾਬੀ ਅਖਬਾਰ ਦੇ ਪੰਨੇ ਵਿਚ ਛਪੀਆਂ ਹੋਈਆਂ ਕੁਝ ਸਾਬਤ ਸੂਰਤ ਸਿੱਖ ਨੌਜੁਆਨਾਂ ਦੀਆਂ ਬਲੈਕ ਐਂਡ ਵ੍ਹਾਈਟ ਫੋਟੋਆਂ ਵੱਲ ਗਈ। ਸਾਹਮਣੇ ਇੱਕ ਜਾਣੀ ਪਹਿਚਾਣੀ ਜਿਹੀ ਤਸਵੀਰ ਸੀ। ਮੇਰੇ ਪਿੰਡ ਦੇ ਗੱਭਰੂ ਚਰਨਜੀਤ ਸਿੰਘ ਚੰਨੀ। ਮੇਰੇ ਨਿੱਕੇ ਹੁੰਦਿਆਂ ਦਾ ਪੱਕਾ ਯਾਰ, ਗਹੁ ਨਾਲ ਵਿਸਥਾਰ ਪੜ੍ਹਿਆ ਤਾਂ ਪੈਰਾਂ ਹੇਠੋਂ ਜ਼ਮੀਨ ਨਿੱਕਲ ਗਈ। ਇਹ ਸਾਰੇ ਨੌਜੁਆਨ ਪੰਜਾਬ ਪੁਲਿਸ ਵੱਲੋਂ ਵੱਖੋ-ਵੱਖ ਥਾਵਾਂ ‘ਤੇ ਝੂਠ ਮੁਕਾਬਲੇ ਬਣਾ ਕੇ ਮੁਕਾ ਦਿੱਤੇ ਗਏ ਸਨ। ਓਸੇ ਵੇਲੇ ਮਾਂ ਨੂੰ ਫੋਨ ਲਾਇਆ, ਪੁੱਛਿਆ ਮਾਂ ਚੰਨੀ ਨੂੰ ਕੀ ਹੋ ਗਿਆ, ਅਗੋਂ ਆਂਹਦੀ ਕੁਝ ਨੀ ਪੁੱਤ ਤੂੰ ਆਪਣੀ ਜ਼ਿੰਦਗੀ ਜੀਵੀ ਚੱਲ ਤੈਨੂੰ ਇਹਨਾਂ ਗੱਲਾਂ ਨਾਲ ਕੀ? ਮੇਰੀਆਂ ਆਂਦਰਾਂ ਨੂੰ ਸੇਕ ਲੱਗ ਚੁੱਕਾ ਸੀ। ਓਸੇ ਵੇਲੇ ਦੋਸਤਾਂ ਮਿੱਤਰਾਂ ਨੂੰ ਫੋਨ ਕਰ ਅਸਲ ਕਹਾਣੀ ਪੁੱਛੀ, ਆਖਣ ਲੱਗੇ ਕਿ ਕੌਮ ਦੀ ਅਣਖ ਖ਼ਾਤਰ ਪੁਲਿਸ ਦਾ ਭਾਰੀ ਤਸ਼ੱਦਦ ਸਹਿੰਦਾ ਹੋਇਆ ਜਾਨ ਵਾਰ ਗਿਆ। ਹੋਰ ਘੋਖ ਕੀਤੀ ਤਾਂ ਕਾਲਜੇ ਦਾ ਰੁੱਗ ਭਰਿਆ ਗਿਆ, ਹੁਸ਼ਿਆਰਪੁਰ ਜ਼ਿਲ੍ਹੇ ਦੇ ਪੰਜ ਥਾਣਿਆਂ ਦੀ ਪੁਲਿਸ ਨੇ ਅੰਨਾ ਤਸ਼ੱਦਦ ਕੀਤਾ ਸੀ। ਸਰੀਰ ਨਿਚੋੜ ਸੁੱਟਿਆ, ਆਖਰੀ ਥਾਣਾ ਜਿੱਥੇ ਉਸਦੀ ਜਾਨ ਨਿੱਕਲੀ ਓਸੇ ਅਜੀਤ ਸਿੰਘ ਸੰਧੂ ਦੇ ਕੰਟਰੋਲ ਵਾਲਾ ਸੀ ਜਿਹੜਾ ਸ਼ਰਾਬ ਦਾ ਘੁੱਟ ਅੰਦਰ ਲੰਘਾਉਂਦਾ ਹੋਇਆ ਅਗਲੇ ਦੀ ਮੌਤ ਦੇ ਪਰਵਾਨੇ ‘ਤੇ ਦਸਤਖ਼ਤ ਕਰ ਦਿਆ ਕਰਦਾ ਸੀ। ਓਹੀ ਅਜੀਤ ਸਿੰਘ ਸੰਧੂ ਜਿਸ ਨੇ ਕਾਰ ਸੇਵਾ ਵਾਲਾ ਬਜ਼ੁਰਗ ਬਾਬਾ ਚਰਨ ਸਿੰਘ ਦੋ ਵੱਖੋ-ਵੱਖ ਜੀਪਾਂ ਨਾਲ ਬੰਨ੍ਹ ਮਗਰੋਂ ਜੀਪਾਂ ਦੋ ਵੱਖੋ ਵੱਖ ਦਿਸ਼ਾਵਾਂ ਵੱਲ ਚਲਵਾ ਦਿੱਤਾ ਸੀ। ਦੱਸਦੇ ਨੇ ਕਿ ਉਸਨੇ ਕਾਫੀ ਦਿਨ ਚੰਨੀ ‘ਤੇ ਖੁਦ ਤਸ਼ੱਦਦ ਕੀਤਾ। ਜਦੋਂ ਸਰੀਰ ਪੂਰੀ ਤਰ੍ਹਾਂ ਨਕਾਰਾ ਹੋ ਗਿਆ ਤਾਂ ਦਰਿਆ ਕੰਢੇ ਖੜ੍ਹ ਗੋਲੀ ਮਾਰ ਦਿੱਤੀ ਤੇ ਛਾਤੀ ‘ਤੇ ਏ.ਕੇ. ਸੰਤਾਲੀ ਰੱਖ ਅਖਬਾਰ ਵਿਚ ਖਬਰ ਲੁਆ ਦਿੱਤੀ ਕਿ ਇੱਕ ਕੱਟੜ ਅੱਤਵਾਦੀ ਮੁਕਾਬਲੇ ਵਿਚ ਪਾਰ ਬੁਲਾਇਆ। ਇਹ ਬਿਰਤਾਂਤ ਸੁਣ ਮੇਰਾ ਵਜੂਦ ਧੁਆਂਖਿਆ ਗਿਆ, ਰੂਹ ਬੇਚੈਨ ਹੋ ਉੱਠੀ, ਉਸ ਦਿਨ ਚੰਗੀ ਤਰ੍ਹਾਂ ਪਤਾ ਲੱਗਾ ਕਿ ਜੂਨ ਚੁਰਾਸੀ ਵਿਚ ਕੀ ਹੋਇਆ ਸੀ ਤੇ ਮਗਰੋਂ ਨਵੰਬਰ ਚੁਰਾਸੀ ਵਿਚ ਸਿੱਖਾਂ ਦਾ ਸੰਗਠਤ ਤਰੀਕੇ ਨਾਲ ਕਿੱਦਾਂ ਘਾਣ ਹੋਇਆ। ਕਿੱਦਾਂ ਬੀਬੀਆਂ ਦੀ ਬੇਪਤੀ ਹੋਈ। ਮੇਰਾ ਸਰੂਪ ਬਦਲ ਗਿਆ, ਸੋਚ ਬਦਲ ਗਈ, ਅੰਦਰ ਨਵਾਂ ਸੰਕਲਪ ਜਨਮ ਲੈ ਚੁਕਾ ਸੀ। ਸੱਚ ਨੂੰ ਸੱਚ ਆਖਣ ਵਾਲਾ ਸੰਕਲਪ ਭੁੱਖਿਆਂ ਦਾ ਢਿੱਡ ਭਰਨ ਵਾਲਾ ਸੰਕਲਪ ਸਿੱਖੀ ਤੇ ਸਿੱਖ ਦੀ ਅਸਲ ਪਹਿਚਾਣ ਨੂੰ ਦੁਨੀਆਂ ਦੇ ਕੋਨੇ ਕੋਨੇ ਵਿਚ ਪਹੁੰਚਾਣ ਵਾਲਾ ਸੰਕਲਪ। ਅੱਜ ਪਤਾ ਲੱਗਾ ਕਿ ਮੈਨੂੰ ‘ਇੰਡੀਅਨ ਆਫ ਦਾ ਯੀਅਰ’ ਐਵਾਰਡ ਨਾਲ ਸਨਮਾਨਿਤ ਕੀਤਾ। ਪੁਲਿਸ ਦੁਆਰਾ ਝੂਠੇ ਮੁਕਾਬਲੇ ਵਿਚ ਮਾਰਿਆ ਚੰਨੀ ਓਸੇ ਵੇਲੇ ਅੱਖਾਂ ਅੱਗੇ ਗਿਆ। ਨਵੰਬਰ ਚੁਰਾਸੀ ਕਤਲੇਆਮ ਦੇ ਦੋਸ਼ੀ ਸੱਜਣ ਕੁਮਾਰ ਅਤੇ ਜਗਦੀਸ਼ ਟਾਈਟਲਰ ਅਤੇ ਕਮਲ ਨਾਥ ਹੱਸਦੇ ਹੋਏ ਤੁਰੇ ਫਿਰਦੇ ਨਜ਼ਰ ਆਏ। ਓਸੇ ਵੇਲੇ ਟਵੀਟ ਕੀਤਾ “ਮੈਂ ਇੰਡੀਅਨ ਹੈ ਹੀ ਨਹੀਂ।” “ਪੰਜਾਬੀ ਮੇਰੀ ਪਹਿਚਾਣ ਹੈ।” ਹਾਂ ਆਪਣੇ ਨਾਮ ਦੇ ਪਿੱਛੋਂ ਖ਼ਾਲਸਾ ਹਟਾ ਕੇ ਇੰਡੀਅਨ ਲਿਖਵਾ ਲਵਾਂਗਾ ਜੇ ਮੇਰੀਆਂ ਤਿੰਨ ਮੰਗ ਪੂਰੀਆਂ ਕਰੋ ਤਾਂ: ਪਹਿਲੀ- ਸੰਨ 1982 ਤੋਂ ਲੈ ਕੇ ਹੁਣ ਤੱਕ ਮੁਕਾਬਲਿਆਂ ਵਿਚ ਮਾਰੇ ਗਏ ਸਾਰੇ ਸਿੱਖ ਨੌਜੁਆਨਾਂ ਦੇ ਕੇਸਾਂ ਦੀ ਜੁਡੀਸ਼ੀਅਨ ਇਨਕੁਆਰੀ ਹੋਵੇ ਅਤੇ ਦੋਸ਼ੀ ਪੁਲਿਸ ਵਾਲਿਆਂ ਨੂੰ ਸਜਾਵਾਂ ਦਿੱਤੀਆਂ ਜਾਣ; ਦੋ- ਜੂਨ ਚੁਰਾਸੀ ਦੇ ਘੱਲੂਘਾਰੇ ਦੇ ਦੋਸ਼ੀ ਅਤੇ ਨਵੰਬਰ ਚੁਰਾਸੀ ਦੇ ਕਤਲਾਂ ਦੇ ਸਾਰੇ ਜ਼ਿੰਦਾ ਬਚ ਗਏ ਦੋਸ਼ੀ ਫਾਹੇ ਟੰਗੇ ਜਾਣ; ਤਿੰਨ- ਸਿੱਖੀ ਤੇ ਸਿੱਖਾਂ ਨੂੰ ਇੱਕ ਜ਼ੁੰਮੇਵਾਰ ਮੰਚ ਤੋਂ ਇੱਕ ਅਲੱਗ ਕੌਮ ਅਤੇ ਅਲੱਗ ਰੇਸ ਮੰਨਿਆ ਜਾਵੇ; ਆਖਰੀ- ਬਹੁਤਿਆਂ ਨੂੰ ਭੁਲੇਖਾ ਕਿ ਜਿਸ ਦਿਨ ਦੁਨੀਆਂ ਦੇ ਕਿਸੇ ਖਿੱਤੇ ਵਿਚ ਏਡ ਵੰਡਦਿਆਂ ਰਵੀ ਸਿੰਘ ਦੇ ਚੀਥੜੇ ਉੱਡ ਗਏ ਤਾਂ ਖਾਲਸਾ ਏਡ ਵੀ ਆਪੇ ਮੁੱਕ ਜੂ, ਪਰ ਦੱਸਣਾ ਚਾਹੁੰਦਾਂ ਹਾਂ ਕਿ ਬਹੁਤ ਸਾਰੇ ਹੋਰ ਰਵੀ ਸਿੰਘ ਮੈਂ ਪਹਿਲਾਂ ਹੀ ਤਿਆਰ ਬਰ ਤਿਆਰ ਖੜ੍ਹੇ ਕਰ ਚੁੱਕਾ ਹਾਂ, ਮੇਰਾ ਪਤਾ ਨਹੀਂ ਪਰ ਖਾਲਸਾ ਏਡ ਕਦੇ ਨਹੀਂ ਮਰ ਸਕਦੀ! ਵਾਹਿਗੁਰੂ ਜੀ ਕਾ ਖਾਲਸਾ.. ਵਾਹਿਗੁਰੂ ਜੀ ਕੀ ਫਤਹਿ।
Gross Speed : Typed Word : Switch languages (Punjabi) from the taskbar. If you get any difficulty click here
Note: Type atleast 276 word to Repeat